
West Bengal : ਹਿੰਸਕ ਪ੍ਰਦਰਸ਼ਨਾਂ ਦਰਮਿਆਨ ਮਮਤਾ ਨੇ ਕਿਹਾ ਕਿ ਬੰਗਾਲ ’ਚ ਵਕਫ ਸੋਧ ਕਾਨੂੰਨ ਲਾਗੂ ਨਹੀਂ ਕੀਤਾ ਜਾਵੇਗਾ
Kolkata News in Punjabi : ਪਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ’ਚ ਵਕਫ਼ (ਸੋਧ) ਕਾਨੂੰਨ ਵਿਰੁਧ ਚੱਲ ਰਹੇ ਪ੍ਰਦਰਸ਼ਨਾਂ ਨਾਲ ਕਥਿਤ ਤੌਰ ’ਤੇ ਜੁੜੀਆਂ ਹਿੰਸਕ ਝੜਪਾਂ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮਿ੍ਰਤਕਾਂ ’ਚ ਹਿੰਸਾ ਪ੍ਰਭਾਵਤ ਸਮਸ਼ੇਰਗੰਜ ਇਲਾਕੇ ’ਚ ਸਥਿਤ ਜਾਫਰਾਬਾਦ ਰਹਿੰਦੇ ਪਿਤਾ-ਪੁੱਤਰ ਸ਼ਾਮਲ ਹਨ, ਜਿਨ੍ਹਾਂ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਈ ਜ਼ਖ਼ਮ ਮਿਲੇ ਹਨ।
ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਦੋਹਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਦੋਵੇਂ ਪੀੜਤ ਅਪਣੇ ਘਰ ਦੇ ਅੰਦਰ ਪਏ ਮਿਲੇ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ’ਚ ਮ੍ਰਿਤਕ ਐਲਾਨ ਦਿਤਾ ਗਿਆ। ਪਰਵਾਰਕ ਜੀਆਂ ਨੇ ਦੋਸ਼ ਲਾਇਆ ਕਿ ਬਦਮਾਸ਼ਾਂ ਨੇ ਘਰ ਨੂੰ ਲੁੱਟਿਆ ਅਤੇ ਭੱਜਣ ਤੋਂ ਪਹਿਲਾਂ ਦੋਹਾਂ ਨੂੰ ਚਾਕੂ ਮਾਰ ਦਿਤਾ। ਅਧਿਕਾਰੀ ਨੇ ਕਿਹਾ, ‘‘ਜਾਂਚ ਜਾਰੀ ਹੈ ਅਤੇ ਅਸੀਂ ਕਤਲਾਂ ’ਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਪਰਵਾਰ ਦੇ ਹੋਰ ਮੈਂਬਰਾਂ ਅਤੇ ਸਥਾਨਕ ਵਸਨੀਕਾਂ ਨਾਲ ਗੱਲ ਕੀਤੀ ਹੈ।’’
ਉਧਰ ਹਿੰਸਾ ਵਿਚਕਾਰ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਵਕਫ਼ (ਸੋਧ) ਐਕਟ ਨੂੰ ਪਛਮੀ ਬੰਗਾਲ ’ਚ ਲਾਗੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਜਿਸ ਕਾਨੂੰਨ ਨੂੰ ਲੈ ਕੇ ਬਹੁਤ ਸਾਰੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਸ ਨੂੰ ਅਸੀਂ ਨਹੀਂ ਬਣਾਇਆ ਹੈ। ਕਾਨੂੰਨ ਕੇਂਦਰ ਸਰਕਾਰ ਨੇ ਬਣਾਇਆ ਹੈ। ਇਸ ਲਈ ਕੇਂਦਰ ਸਰਕਾਰ ਤੋਂ ਜਵਾਬ ਮੰਗੋ।’’
ਦੂਜੇ ਪਾਸੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਹੈ ਕਿ ਵਕਫ਼ (ਸੋਧ) ਕਾਨੂੰਨ ਦੇ ਨਾਂ ’ਤੇ ਮਮਤਾ ਬੈਨਰਜੀ ਸੂਬੇ ਅੰਦਰ ਹਿੰਦੂ ਵਿਰੋਧੀ ਹਿੰਸਾ ਭੜਕਾ ਰਹੀ ਹੈ। ਭਾਜਪਾ ਦੇ ਬੁਲਾਰੇ ਪਰਦੀਪ ਭੰਡਾਰੀ ਨੇ ਕਿਹਾ ਕਿ ਇਸ ਐਕਟ ਦਾ ਪੂਰੇ ਦੇਸ਼ ਅੰਦਰ ਸਵਾਗਤ ਕੀਤਾ ਗਿਆ ਹੈ ਅਤੇ ਕੁੱਝ ਥਾਵਾਂ ’ਤੇ ਪ੍ਰਦਰਸ਼ਨ ਸ਼ਾਂਤਮਈ ਰਿਹਾ ਹੈ, ਪਰ ਪਛਮੀ ਬੰਗਾਲ ’ਚ ਇਹ ਕਾਬੂ ਤੋਂ ਬਾਹਰ ਹੋ ਗਿਆ ਹੈ।
ਇਕ ਹੋਰ ਘਟਨਾ ’ਚ ਸਮਸ਼ੇਰਗੰਜ ਬਲਾਕ ਦੇ ਧੂਲੀਆਂ ’ਚ ਇਕ ਹੋਰ ਵਿਅਕਤੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ। ਅਧਿਕਾਰੀ ਨੇ ਕਿਹਾ ਕਿ ਪੁਲਿਸ ਨੇ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਪ੍ਰਭਾਵਤ ਖੇਤਰਾਂ ’ਚ ਅਤੇ ਆਸ-ਪਾਸ ਗਸ਼ਤ ਅਤੇ ਰੂਟ ਮਾਰਚ ਕੀਤੇ।
ਜ਼ਿਲ੍ਹਾ ਪ੍ਰਸ਼ਾਸਨ ਦੇ ਸੂਤਰਾਂ ਨੇ ਦਸਿਆ ਕਿ ਬੀੜੀ ਫੈਕਟਰੀ ’ਚ ਕੰਮ ਕਰਨ ਵਾਲੇ ਪੀੜਤ ਨੂੰ ਉਸ ਸਮੇਂ ਗੋਲੀ ਮਾਰ ਦਿਤੀ ਗਈ ਜਦੋਂ ਉਹ ਕੰਮ ’ਤੇ ਜਾ ਰਿਹਾ ਸੀ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਵਿਅਕਤੀ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਮੁਰਸ਼ੀਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਨੂੰ ਜੰਗੀਪੁਰ ਹਸਪਤਾਲ ਤੋਂ ਤਬਦੀਲ ਕਰ ਦਿਤਾ ਗਿਆ ਹੈ।
ਵਧੀਕ ਡਾਇਰੈਕਟਰ ਜਨਰਲ (ਕਾਨੂੰਨ ਵਿਵਸਥਾ) ਜਾਵੇਦ ਸ਼ਮੀਮ ਨੇ ਦਸਿਆ ਕਿ ਸ਼ੁਕਰਵਾਰ ਨੂੰ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ’ਚ ਝੜਪਾਂ ਦੌਰਾਨ 15 ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ।
ਸ਼ਮੀਮ ਨੇ ਕਿਹਾ ਕਿ ਵਕਫ (ਸੋਧ) ਕਾਨੂੰਨ ਵਿਰੁਧ ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਦੇ ਸਬੰਧ ’ਚ ਪੁਲਿਸ ਨੇ ਹੁਣ ਤਕ 118 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਥਿਤ ਤੌਰ ’ਤੇ ਭੀੜ ਨੂੰ ਕਾਬੂ ਕਰਨ ਲਈ ਚਾਰ ਗੋਲੀਆਂ ਚਲਾਈਆਂ। ਵਿਵਾਦਪੂਰਨ ਐਕਟ ਨੂੰ ਲੈ ਕੇ ਪ੍ਰਦਰਸ਼ਨਾਂ ਦੌਰਾਨ ਸੂਤੀ ਅਤੇ ਸਮਸ਼ੇਰਗੰਜ ਇਲਾਕਿਆਂ ’ਚ ਵੱਡੇ ਪੱਧਰ ’ਤੇ ਹਿੰਸਾ ਦੀਆਂ ਖ਼ਬਰਾਂ ਮਿਲੀਆਂ ਸਨ।
(For more news apart from West Bengal: 2 killed, one injured in violence allegedly linked to protests against Waqf Amendment Act News in Punjabi, stay tuned to Rozana Spokesman)