
ਤਾਲਾਬੰਦੀ ਅਤੇ 'ਖੁਲਾਂ' ਦਾ ਮਿਸ਼ਰਣ ਜਾਰੀ ਰਹਿਣ ਦੇ ਸੰਕੇਤ
ਨਵੀਂ ਦਿੱਲੀ, 11 ਮਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰੀ ਦੁਨੀਆਂ ਮੰਨਦੀ ਹੈ ਕਿ ਭਾਰਤ ਖ਼ੁਦ ਨੂੰ ਕੋਰੋਨਾ ਵਾਇਰਸ ਤੋਂ ਸਫ਼ਲਤਾਪੂਰਵਕ ਸੁਰੱਖਿਅਤ ਰੱਖ ਸਕਿਆ ਹੈ ਜਿਸ ਵਿਚ ਰਾਜਾਂ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਲੇ ਰਸਤੇ ਅਤੇ ਸਾਹਮਣੇ ਆਉਣ ਵਾਲੀਆਂ ਚੁਨੌਤੀਆਂ ਬਾਰੇ ਸੰਤੁਲਤ ਰਣਨੀਤੀ ਬਣਾਉਣੀ ਪਵੇਗੀ ਅਤੇ ਲਾਗੂ ਕਰਨੀ ਪਵੇਗੀ।
ਮੋਦੀ ਨੇ ਕਿਹਾ, 'ਅੱਜ ਤੁਸੀਂ ਜਿਹੜੇ ਸੁਝਾਅ ਦਿੰਦੇ ਹੋ, ਉਨ੍ਹਾਂ ਦੇ ਆਧਾਰ 'ਤੇ ਅਸੀਂ ਦੇਸ਼ ਦੀ ਅਗਲੀ ਦਿਸ਼ਾ ਤੈਅ ਕਰ ਸਕਾਂਗੇ।' ਉਨ੍ਹਾਂ ਕਿਹਾ ਕਿ ਜਿਥੇ ਵੀ ਅਸੀਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਉਥੇ ਸਮੱਸਿਆਵਾਂ ਵਧ ਗਈਆਂ। ਉਨ੍ਹਾਂ ਕਿਹਾ ਕਿ ਸੱਭ ਤੋਂ ਵੱਡੀ ਚੁਨੌਤੀ ਛੋਟਾਂ ਮਗਰੋਂ ਵੀ ਕੋਵਿਡ-19 ਨੂੰ ਪਿੰਡਾਂ ਤਕ ਫੈਲਣ ਤੋਂ ਰੋਕਣ ਦੀ ਹੋਵੇਗੀ। ਲਾਕਡਾਊਨ ਦਾ ਤੀਜਾ ਗੇੜ 17 ਮਈ ਨੂੰ ਖ਼ਤਮ ਹੋਣ ਦੇ ਕੁੱਝ ਦਿਨ ਪਹਿਲਾਂ ਇਹ ਬੈਠਕ ਹੋਈ ਹੈ। ਦੂਜਾ ਗੇੜ ਤਿੰਨ ਮਈ ਅਤੇ ਪਹਿਲਾ ਗੇੜ 14 ਅਪ੍ਰੈਲ ਨੂੰ ਖ਼ਤਮ ਹੋਇਆ ਸੀ।
File photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਪਸਾਰ ਨੂੰ ਰੋਕਣ, ਤਾਲਾਬੰਦੀ ਵਿਚੋਂ ਪੜਾਅਵਾਰ ਢੰਗ ਨਾਲ ਬਾਹਰ ਨਿਕਲਣ ਅਤੇ ਆਰਥਕ ਗਤੀਵਿਧੀਆਂ ਤੇਜ਼ ਕਰਨ ਦੇ ਤਰੀਕਿਆਂ ਬਾਰੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ ਕੀਤੀ। ਸ਼ਹਿਰਾਂ ਖੇਤਰਾਂ ਤੋਂ ਪੇਂਡੂ ਭਾਰਤ ਵਲ ਮਜ਼ਦੂਰਾਂ ਦੀ ਹਿਜ਼ਰਤ ਅਤੇ ਮਜ਼ਦੂਰਾਂ ਦੇ ਅਪਣੇ ਘਰ ਜਾਣ ਨਾਲ ਆਰਥਕ ਗਤੀਵਿਧੀਆਂ ਦੀ ਬਹਾਲੀ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਇਸ ਬੈਠਕ ਵਿਚ ਚਰਚਾ ਕੀਤੀ ਗਈ। ਕੋਰੋਨਾ ਸੰਕਟ ਦੌਰਾਨ ਮੋਦੀ ਨੇ ਪੰਜਵੀਂ ਵਾਰ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨਾਲ ਰਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਸਿਹਤ ਮੰਤਰੀ ਹਰਸ਼ਵਰਧਨ ਵੀ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈਡੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਸਣੇ ਕਈ ਮੁੱਖ ਮੰਤਰੀ ਬੈਠਕ ਵਿਚ ਸ਼ਾਮਲ ਹੋਏ। ਐਤਵਾਰ ਨੂੰ ਕੈਬਨਿਕ ਸਕੱਤਰ ਰਾਜੀਵ ਗੌਬਾ ਨਾਲ ਬੈਠਕ ਦੌਰਾਨ ਰਾਜਾਂ ਦੇ ਮੁੱਖ ਸਕੱਤਰਾਂ ਨੇ ਉਨ੍ਹਾਂ ਨੂੰ ਦਸਿਆ ਸੀ ਕਿ ਕੋਰੋਨਾ ਵਾਇਰਸ ਤੋਂ ਬਚਾਅ ਜ਼ਰੂਰੀ ਹੈ ਪਰ ਨਾਲ ਹੀ ਆਰਥਕ ਗਤੀਵਿਧੀਆਂ ਨੂੰ ਵੀ ਪੜਾਅਵਾਰ ਢੰਗ ਨਾਲ ਬਹਾਲ ਕਰਨ ਦੀ ਲੋੜ ਹੈ। (ਏਜੰਸੀ)
File Photo
ਔਖੀ ਘੜੀ ਵਿਚ ਕੇਂਦਰ ਰਾਜਨੀਤੀ ਨਾ ਕਰੇ : ਮਮਤਾ
ਕੋਲਕਾਤਾ, 11 ਮਈ: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਬੈਠਕ ਦੌਰਾਨ ਕਿਹਾ,'ਇਕ ਰਾਜ ਦੇ ਤੌਰ 'ਤੇ ਅਸੀਂ ਕੋਰੋਨਾ ਵਾਇਰਸ ਲਾਗ ਨਾਲ ਲੜਨ ਵਿਚ ਬਿਹਤਰ ਕੰਮ ਕਰ ਰਹੇ ਹਾਂ। ਕੇਂਦਰ ਨੂੰ ਇਸ ਮੁਸ਼ਕਲ ਘੜੀ ਵਿਚ ਰਾਜਨੀਤੀ ਨਹੀਂ ਕਰਨੀ ਚਾਹੀਦੀ।' ਉਨ੍ਹਾਂ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਸਰਹੱਦਾਂ ਅਤੇ ਹੋਰ ਵੱਡੇ ਰਾਜਾਂ ਵਿਚ ਘਿਰੇ ਹੋਏ ਹਾਂ ਅਤੇ ਇਸ ਦਾ ਸਾਹਮਣਾ ਕਰਨਾ ਚੁਨੌਤੀਪੂਰਨ ਹੈ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਨੂੰ ਬਰਾਬਰ ਦੀ ਅਹਿਮੀਅਤ ਮਿਲਣੀ ਚਾਹੀਦੀ ਹੈ ਅਤੇ ਸਾਨੂੰ ਟੀਮ ਇੰਡੀਆ ਵਾਂਗ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੰਘੀ ਢਾਂਚਾ ਕਾਇਮ ਰਖਣਾ ਚਾਹੀਦਾ ਹੈ।