
ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਤ੍ਰਿਣਮੂਲ ਕਾਂਗਰਸ ਦੇ ਗੁੰਡੇ ਔਰਤਾਂ ਨੂੰ ਤਸੀਹੇ ਦੇ ਰਹੇ ਨੇ : ਮੋਦੀ
ਬੈਰਕਪੁਰ/ਹੁਗਲੀ (ਪਛਮੀ ਬੰਗਾਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਤ੍ਰਿਣਮੂਲ ਕਾਂਗਰਸ ’ਤੇ ‘ਵੋਟ ਬੈਂਕ’ ਦੀ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਦੇ ‘ਗੁੰਡੇ’ ਦੋਸ਼ੀਆਂ ਨੂੰ ਬਚਾਉਣ ਲਈ ਸੰਦੇਸ਼ਖਾਲੀ ਦੀਆਂ ਤਸ਼ੱਦਦ ਗ੍ਰਸਤ ਔਰਤਾਂ ਨੂੰ ਧਮਕੀਆਂ ਦੇ ਰਹੇ ਹਨ।
ਸੰਦੇਸ਼ਖਾਲੀ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ’ਤੇ ਜਿਨਸੀ ਸੋਸ਼ਣ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸੂਬੇ ਦੀ ਸੱਤਾਧਾਰੀ ਪਾਰਟੀ ਵਿਚਾਲੇ ਪਿਛਲੇ ਕੁੱਝ ਸਮੇਂ ਤੋਂ ਸ਼ਬਦੀ ਜੰਗ ਜ਼ੋਰਾਂ ’ਤੇ ਹੈ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ ਅਤੇ ਫਿਰ ਹੁਗਲੀ ’ਚ ਇਕ ਤੋਂ ਬਾਅਦ ਇਕ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ’ਚ ਸੂਬੇ ’ਚ ਹਿੰਦੂ ਦੂਜੇ ਦਰਜੇ ਦੇ ਨਾਗਰਿਕ ਬਣ ਗਏ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਜਦੋਂ ਤਕ ਮੋਦੀ ਹੈ, ਕੋਈ ਵੀ ਸੀ.ਏ.ਏ. (ਨਾਗਰਿਕਤਾ ਸੋਧ ਕਾਨੂੰਨ) ਨੂੰ ਰੱਦ ਨਹੀਂ ਕਰ ਸਕਦਾ।’’ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਦੇਸ਼ ਭਰ ’ਚ ਅਪਣੇ ‘ਸ਼ਹਿਜ਼ਾਦੇ’ ਦੀ ਉਮਰ ਤੋਂ ਘੱਟ ਸੀਟਾਂ ਮਿਲਣਗੀਆਂ। ਕਾਂਗਰਸ ਨੇਤਾ ਰਾਹੁਲ ਗਾਂਧੀ 53 ਸਾਲ ਦੇ ਹਨ।
ਬੈਰਕਪੁਰ ਰੈਲੀ ’ਚ ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਤ੍ਰਿਣਮੂਲ ਕਾਂਗਰਸ ਨੇ ਸੰਦੇਸ਼ਖਾਲੀ ਦੀਆਂ ਭੈਣਾਂ ਅਤੇ ਮਾਵਾਂ ਨਾਲ ਕੀ ਕੀਤਾ। ਟੀ.ਐਮ.ਸੀ. ਦੇ ਗੁੰਡੇ ਹੁਣ ਸੰਦੇਸ਼ਖਾਲੀ ’ਚ ਔਰਤਾਂ ਨੂੰ ਧਮਕੀਆਂ ਦੇ ਰਹੇ ਹਨ ਕਿਉਂਕਿ ਮੁੱਖ ਦੋਸ਼ੀ ਦਾ ਨਾਮ ਸ਼ਾਹਜਹਾਂ ਸ਼ੇਖ ਹੈ। ਟੀ.ਐਮ.ਸੀ. ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਟੀ.ਐਮ.ਸੀ. ਤੋਂ ਡਰਨਾ ਨਹੀਂ ਹੈ।’’
ਹੁਗਲੀ ’ਚ ਅਪਣੀ ਦੂਜੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਤ੍ਰਿਣਮੂਲ ਕਾਂਗਰਸ ਸੰਦੇਸ਼ਖਾਲੀ ’ਚ ਹਰ ਰਣਨੀਤੀ ਅਪਣਾ ਰਹੀ ਹੈ ਪਰ ਸੰਦੇਸ਼ਖਾਲੀ ਦੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।’’
ਸੰਦੇਸ਼ਖਾਲੀ ਦਾ ਇਕ ਹੋਰ ਕਥਿਤ ਵੀਡੀਉ : 70 ਔਰਤਾਂ ਨੇ ਵਿਰੋਧ ਪ੍ਰਦਰਸ਼ਨ ਲਈ 2,000 ਰੁਪਏ ਦੇਣ ਦਾ ਦਾਅਵਾ ਕੀਤਾ
ਮੋਦੀ ਦੀ ਇਹ ਟਿਪਣੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਕਈ ਕਥਿਤ ਵੀਡੀਉ ਦੇ ਪਿਛੋਕੜ ’ਚ ਆਈ ਹੈ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਇਕ ਸਥਾਨਕ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਨੇ ਸੰਦੇਸ਼ਖਾਲੀ ਦੀਆਂ ਕਈ ਔਰਤਾਂ ਤੋਂ ਖਾਲੀ ਕਾਗਜ਼ਾਂ ’ਤੇ ਦਸਤਖਤ ਕਰਵਾਏ, ਜਿਨ੍ਹਾਂ ਨੂੰ ਬਾਅਦ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਵਿਰੁਧ ਜਿਨਸੀ ਸੋਸ਼ਣ ਦੀਆਂ ਸ਼ਿਕਾਇਤਾਂ ਵਜੋਂ ਪੇਸ਼ ਕੀਤਾ ਗਿਆ। ਵੀਡੀਉ ’ਚ ਭਾਜਪਾ ਦੇ ਸਥਾਨਕ ਨੇਤਾ ਕਥਿਤ ਤੌਰ ’ਤੇ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ਾਹਜਹਾਂ ਸ਼ੇਖ ਦੇ ਵਿਰੁਧ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ 70 ਤੋਂ ਵੱਧ ਔਰਤਾਂ ਨੂੰ 2,000 ਰੁਪਏ ਦਿਤੇ ਗਏ ਸਨ। ਸ਼ੇਖ ’ਤੇ ਜਿਨਸੀ ਸੋਸ਼ਣ ਅਤੇ ਜ਼ਮੀਨ ਹੜੱਪਣ ਦਾ ਦੋਸ਼ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ’ਤੇ ਇਨ੍ਹਾਂ ਵੀਡੀਉਜ਼ ਦਾ ਜ਼ਿਕਰ ਨਹੀਂ ਕੀਤਾ। ਪੀ.ਟੀ.ਆਈ. ਨੇ ਉਨ੍ਹਾਂ ਵੀਡੀਉਜ਼ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕੀਤੀ ਹੈ ਜਿਨ੍ਹਾਂ ਨੇ ਪਿਛਲੇ ਕੁੱਝ ਦਿਨਾਂ ਤੋਂ ਸੂਬੇ ’ਚ ਸਿਆਸੀ ਵਿਵਾਦ ਪੈਦਾ ਕਰ ਦਿਤਾ ਹੈ।
ਪ੍ਰਧਾਨ ਮੰਤਰੀ ਸੰਦੇਸ਼ਖਾਲੀ ਬਾਰੇ ਝੂਠ ਬੋਲਦੇ ਰਹੇ, ਪਰ ਰਾਜਪਾਲ ’ਤੇ ਚੁੱਪ ਰਹੇ : ਮਮਤਾ
ਬਾਰਾਸਾਤ (ਪਛਮੀ ਬੰਗਾਲ): ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੰਦੇਸ਼ਖਾਲੀ ਬਾਰੇ ਲਗਾਤਾਰ ਝੂਠ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਐਤਵਾਰ ਨੂੰ ਸਵਾਲ ਕੀਤਾ ਕਿ ਉਹ ਰਾਜਪਾਲ ਸੀ.ਵੀ. ਆਨੰਦ ਬੋਸ ’ਤੇ ਲੱਗੇ ਛੇੜਛਾੜ ਦੇ ਦੋਸ਼ਾਂ ’ਤੇ ਚੁੱਪ ਕਿਉਂ ਹਨ ਅਤੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਉਂ ਨਹੀਂ ਕਿਹਾ ਜਾ ਰਿਹਾ।
ਉੱਤਰੀ 24 ਪਰਗਨਾ ਦੇ ਅਮਦਾਂਗਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸੰਦੇਸ਼ਖਾਲੀ ਨੂੰ ਲੈ ਕੇ ਭਾਜਪਾ ਦੀ ਸਾਜ਼ਸ਼ ਦਾ ਪਰਦਾਫਾਸ਼ ਹੋ ਗਿਆ ਹੈ।
ਅਮਦਾਂਗਾ ਬੈਰਕਪੁਰ ਲੋਕ ਸਭਾ ਹਲਕੇ ਦਾ ਹਿੱਸਾ ਹੈ। ਮਮਤਾ ਬੈਨਰਜੀ ਨੇ ਇਕ ਵੀਡੀਉ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਪ੍ਰਧਾਨ ਮੰਤਰੀ ਅਜੇ ਵੀ ਸੰਦੇਸ਼ਖਾਲੀ ਬਾਰੇ ਝੂਠ ਬੋਲ ਰਹੇ ਹਨ। ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਭਾਜਪਾ ਦੀ ਸਾਜ਼ਸ਼ ਦਾ ਹੁਣ ਪਰਦਾਫਾਸ਼ ਹੋ ਗਿਆ ਹੈ।’’ ਇਸ ਤੋਂ ਪਹਿਲਾਂ ਇਕ ਵੀਡੀਉ ਕਲਿੱਪ ’ਚ ਭਾਜਪਾ ਦੇ ਸੰਦੇਸ਼ਖਾਲੀ ਮੰਡਲ ਦੇ ਪ੍ਰਧਾਨ ਗੰਗਾਧਰ ਕਯਾਲ ਨਾਲ ਮਿਲਦੇ-ਜੁਲਦੇ ਇਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਵਿਰੋਧ ਪ੍ਰਦਰਸ਼ਨ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ, ਜੋ ਇਸ ਪੂਰੀ ਸਾਜ਼ਸ਼ ਲਈ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ, ‘‘ਅਸੀਂ ਸਾਰਿਆਂ ਨੇ ਵੇਖਿਆ ਹੈ ਕਿ ਤ੍ਰਿਣਮੂਲ ਕਾਂਗਰਸ ਨੇ ਸੰਦੇਸ਼ਖਾਲੀ ਦੀਆਂ ਭੈਣਾਂ ਅਤੇ ਮਾਵਾਂ ਨਾਲ ਕੀ ਕੀਤਾ ਹੈ। ਟੀ.ਐਮ.ਸੀ. ਦੇ ਗੁੰਡੇ ਹੁਣ ਸੰਦੇਸ਼ਖਾਲੀ ’ਚ ਔਰਤਾਂ ਨੂੰ ਧਮਕੀਆਂ ਦੇ ਰਹੇ ਹਨ ਕਿਉਂਕਿ ਮੁੱਖ ਦੋਸ਼ੀ ਦਾ ਨਾਮ ਸ਼ਾਹਜਹਾਂ ਸ਼ੇਖ ਹੈ। ਟੀ.ਐਮ.ਸੀ. ਸੰਦੇਸ਼ਖਾਲੀ ਦੇ ਦੋਸ਼ੀਆਂ ਨੂੰ ਬਚਾਉਣ ਲਈ ਸੱਭ ਕੁੱਝ ਕਰ ਰਹੀ ਹੈ।’’
ਬੈਨਰਜੀ ਨੇ ਕਿਹਾ ਕਿ ਰਾਜ ਭਵਨ ਦੀ ਇਕ ਕਰਮਚਾਰੀ ਵਲੋਂ ਛੇੜਛਾੜ ਦੇ ਦੋਸ਼ੀ ਰਾਜਪਾਲ ਵਿਰੁਧ ਕੇਂਦਰ ਦੀ ਕਾਰਵਾਈ ਨਾ ਕਰਨਾ ਭਾਜਪਾ ਦੇ ਮਹਿਲਾ ਵਿਰੋਧੀ ਚਰਿੱਤਰ ਨੂੰ ਦਰਸਾਉਂਦਾ ਹੈ। ਮੁੱਖ ਮੰਤਰੀ ਨੇ ਪੁਛਿਆ ਕਿ ਪ੍ਰਧਾਨ ਮੰਤਰੀ ਨੇ ਰਾਜਪਾਲ ਨੂੰ ਰਾਜ ਭਵਨ ’ਚ ਰਾਤ ਦੇ ਠਹਿਰਨ ਦੌਰਾਨ ਅਸਤੀਫਾ ਦੇਣ ਲਈ ਕਿਉਂ ਨਹੀਂ ਕਿਹਾ।