
ਪ੍ਰਸਿੱਧ 'ਸੰਤ' ਭਊਜੀ ਮਹਾਰਾਜ (50) ਨੇ ਇਥੇ ਅਪਣੇ ਘਰ ਵਿਚ ਅੱਜ ਕਥਿਤ ਰੂਪ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੰਦੌਰ ਦੇ ਡੀਆਈਜੀ ਐਚ ਸੀ ਮਿਸ਼ਰਾ...
ਇੰਦੌਰ, ਪ੍ਰਸਿੱਧ 'ਸੰਤ' ਭਊਜੀ ਮਹਾਰਾਜ (50) ਨੇ ਇਥੇ ਅਪਣੇ ਘਰ ਵਿਚ ਅੱਜ ਕਥਿਤ ਰੂਪ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇੰਦੌਰ ਦੇ ਡੀਆਈਜੀ ਐਚ ਸੀ ਮਿਸ਼ਰਾ ਨੇ ਦਸਿਆ, 'ਸੰਤ ਭਊਜੀ ਮਹਾਰਾਜ ਨੇ ਇੰਦੌਰ ਬਾਈਪਾਸ ਲਾਗਲੇ ਅਪਣੇ ਘਰ ਵਿਚ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।' ਉਨ੍ਹਾਂ ਨੇ ਖ਼ੁਦਕੁਸ਼ੀ ਨੋਟ ਵਿਚ ਲਿਖਿਆ ਹੈ ਕਿ ਭਾਰੀ ਤਣਾਅ ਤੋਂ ੰਤੰਗ ਹੋ ਗਿਆ ਹਾਂ ਤੇ ਖ਼ੁਦਕੁਸ਼ੀ ਕਰ ਰਿਹਾ ਹਾਂ।
ਇੰਦੌਰ ਦੇ ਬਾਂਬੇ ਹਸਪਤਾਲ ਦੇ ਪ੍ਰਬੰਧਕ ਰਾਹੁਲ ਪਰਾਸ਼ਰ ਨੇ ਦਸਿਆ ਕਿ ਗੋਲੀ ਲੱਗਣ ਮਗਰੋਂ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਆਂਦਾ ਗਿਆ ਜਿਥੇ ਉਨ੍ਹਾਂ ਨੇ ਦਮ ਤੋੜ ਦਿਤਾ। ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਨਿਸ਼ਾਂਤ ਵਰਵੜੇ ਨੇ ਕਿਹਾ ਕਿ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਕਿਹੜੇ ਹਾਲਾਤ ਵਿਚ ਅਤੇ ਕਿਸ ਕਾਰਨ ਆਤਮ-ਹਤਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਵਿਚ ਇਸ ਗੱਲ ਦਾ ਪਤਾ ਲੱਗ ਜਾਵੇਗਾ।
ਵਰਵੜੇ ਨੇ ਕਿਹਾ ਕਿ ਮਹਾਰਾਜ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਘਟਨਾ ਦਾ ਪਤਾ ਲੱਗਣ ਮਗਰੋਂ ਉਨ੍ਹਾਂ ਦੇ ਸਮਰਥਕ ਹਸਪਤਾਲ ਸਾਹਮਣੇ ਇਕੱਠੇ ਹੋਣ ਲੱਗੇ ਪਏ। ਭਊਜੀ ਦੀ ਬਚਪਨ ਦਾ ਨਾਮ ਉਦੇ ਸਿੰਘ ਦੇਸ਼ਮੁਖ ਸੀ ਅਤੇ ਉਹ ਮੱਧ ਪ੍ਰਦੇਸ਼ ਦੇ ਸ਼ੁਜਾਲਪੁਰ ਕਸਬੇ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਚੇਲੇ ਨੇ ਦਸਿਆ ਕਿ ਉਹ ਸੰਤ ਬਣਨ ਤੋਂ ਪਹਿਲਾਂ ਮਾਡਲਿੰਗ ਵੀ ਕਰਦੇ ਸਨ।
ਉਨ੍ਹਾਂ ਦੇ ਕਈ ਚੇਲੇ ਸਿਆਸੀ ਆਗੂ ਅਤੇ ਫ਼ਿਲਮ ਸਟਾਰ ਹਨ। ਕੁੱਝ ਮਹੀਨੇ ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਨੇ ਪੰਜ ਬਾਬਿਆਂ ਨੂੰ ਰਾਜ ਮੰਤਰੀ ਦਾ ਅਹੁਦਾ ਦਿਤਾ ਸੀ ਜਿਨ੍ਹਾਂ ਵਿਚ ਭਊਜੀ ਵੀ ਸਨ। ਭਊਜੀ ਨੇ ਐਲਾਨ ਕੀਤਾ ਸੀ ਕਿ ਉਹ ਰਾਜਮੰਤਰੀ ਦਰਜੇ ਦਾ ਕੋਈ ਲਾਭ ਨਹੀਂ ਲੈਣਗੇ। (ਏਜੰਸੀ)