
ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੱਖਵਾਦੀਆਂ ਨੂੰ ਕਿਹਾ ਹੈ ਕਿ ਉਹ ਕੇਂਦਰ ਨਾਲ ਗੱਲਬਾਤ ਦੀ ਤਜਵੀਜ਼ ਦੇ ਸੁਨਹਿਰੇ ਮੌਕੇ......
ਮੁੰਬਈ, ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੱਖਵਾਦੀਆਂ ਨੂੰ ਕਿਹਾ ਹੈ ਕਿ ਉਹ ਕੇਂਦਰ ਨਾਲ ਗੱਲਬਾਤ ਦੀ ਤਜਵੀਜ਼ ਦੇ ਸੁਨਹਿਰੇ ਮੌਕੇ ਨੂੰ ਹੱਥੋਂ ਨਾ ਜਾਣ ਦੇਣ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਮੰਨਣਾ ਹੈ ਕਿ ਰਾਜ ਦੇ ਹਾਲਾਤ ਰਾਜਨੀਤਕ ਮੁੱਦਾ ਹਨ ਅਤੇ ਇਸ ਨੂੰ ਫ਼ੌਜ ਦੀ ਮਦਦ ਨਾਲ ਨਹੀਂ ਸੁਲਝਾਇਆ ਜਾ ਸਕਦਾ।
ਮਹਿਬੂਬਾ ਨੇ ਕਿਹਾ ਕਿ ਰਮਜ਼ਾਨ ਦੌਰਾਨ ਗੋਲੀਬੰਦੀ ਮਗਰੋਂ ਕੇਂਦਰ ਦਾ ਗੱਲਬਾਤ ਦਾ ਜਿਹੜਾ ਪ੍ਰਸਤਾਵ ਹੈ, ਉਹ ਰਾਜਸੀ ਕਵਾਇਦ ਦੇ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਕਿਹਾ, 'ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਰਾਜਸੀ ਕਵਾਇਦ ਨੂੰ ਅੱਗੇ ਵਧਾਉਣ ਲਈ ਕਿਤੇ ਨਾ ਕਿਤੇ ਯਤਨ ਹੋ ਰਹੇ ਹਨ। ਰਾਜਨੀਤਕ ਪ੍ਰਕ੍ਰਿਆ ਨੂੰ ਕਿੰਨਾ ਅੱਗੇ ਲਿਜਾਇਆ ਜਾ ਸਕਦਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਇਥੇ ਜ਼ਮੀਨੀ ਹਕੀਕਤ ਕਿੰਨੀ ਚੰਗੀ ਰਹਿੰਦੀ ਹੈ।'
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, 'ਅਨਿਸ਼ਚਤਤਾ ਨੂੰ ਖ਼ਤਮ ਕਰਨ ਅਤੇ ਜੰਮੂ ਕਸ਼ਮੀਰ ਵਿਚ ਲੰਮੇ ਸਮੇਂ ਦੀ ਸ਼ਾਂਤੀ ਕਾਇਮ ਕਰਨ ਲਈ ਵੱਖਵਾਦੀਆਂ ਸਮੇਤ ਹਰ ਧਿਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਕਸ਼ਮੀਰ ਦੇ ਮੁੱਦੇ ਦੇ ਹੱਲ ਅਤੇ ਰਾਜ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਲਈ ਗ੍ਰਹਿ ਮੰਤਰੀ ਦੇ ਗੱਲਬਾਤ ਦੇ ਪ੍ਰਸਤਾਵ ਦਾ ਜਵਾਬ ਦੇਣਾ ਚਾਹੀਦਾ ਹੈ। ਮਹਿਬੂਬਾ ਨੇ ਕਿਹਾ, 'ਇਹ ਸੁਨਹਿਰਾ ਮੌਕਾ ਹੈ। ਇਸ ਮੌਕੇ ਨੂੰ ਅਜਾਈਂ ਨਹੀਂ ਜਾਣ ਦਿਤਾ ਜਾਣਾ ਚਾਹੀਦਾ। (ਏਜੰਸੀ)