
ਕਾਂਗਰਸ ਨੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੁੜੇ ਹਾਲਾਤ ਦੇ ਕੰਟਰੋਲ ਤੋਂ ਬਾਹਰ ਹੋਣ ਦਾ ਦਾਅਵਾ ਕਰਦਿਆਂ ਭਾਜਪਾ ਅਤੇ
ਨਵੀਂ ਦਿੱਲੀ, 11 ਜੂਨ : ਕਾਂਗਰਸ ਨੇ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੁੜੇ ਹਾਲਾਤ ਦੇ ਕੰਟਰੋਲ ਤੋਂ ਬਾਹਰ ਹੋਣ ਦਾ ਦਾਅਵਾ ਕਰਦਿਆਂ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਅਤੇ ਦੋਸ਼ ਲਾਇਆ ਕਿ ਇਸ ਵੱਡੇ ਸੰਕਟ ਸਮੇਂ ਦੋਹਾਂ ਨੇ ਮਿਲ ਕੇ ਦਿੱਲੀ ਦਾ ਬੁਰਾ ਹਾਲ ਕੀਤਾ ਹੈ। ਪਾਰਟੀ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਇਹ ਵੀ ਕਿਹਾ ਕਿ ਕੌਮੀ ਰਾਜਧਾਨੀ ਵਿਚ ਸਿਹਤ ਐਮਰਜੈਂਸੀ ਹਾਲਤ ਵਿਚ ਹੈ ਅਤੇ ਕੇਂਦਰ ਤੇ ਅਰਵਿੰਦ ਕੇਜਰੀਵਾਲ ਸਰਕਾਰ ਦੋਹਾਂ ਨੂੰ ਹਸਪਤਾਲਾਂ ਵਿਚ ਬੈਡ, ਵੈਂਟੀਲੇਟਰ ਅਤੇ ਜਾਂਚ ਦੀ ਸਹੂਲਤ ਵਧਾਉਣ ਲਈ ਜੰਗੀ ਪੱਧਰ ’ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਕੋਵਿਡ-19 ਸਮੇਂ ਮਾੜੇ ਪ੍ਰਬੰਧ ਦੀ ਮਿਸਾਲ ਪੇਸ਼ ਕੀਤੀ ਹੈ।
File Photo
ਸਿੰਘਵੀ ਨੇ ਕਿਹਾ, ‘ਅੱਜ ਦੀ ਹਾਲਤ ਵਿਚ ਹਸਪਤਾਲਾਂ ਵਿਚ ਬਿਸਤਰੇ ਨਹੀਂ। ਜੰਗੀ ਪੱਧਰ ’ਤੇ ਜਾਂਚ ਨਹੀਂ ਹੋ ਰਹੀ ਅਤੇ ਲਾਸ਼ਾਂ ਦੇ ਅੰਤਮ ਸਸਕਾਰ ਲਈ ਲਾਈਨ ਲੱਗੀ ਹੋਈ ਹੈ।’ ਉਨ੍ਹਾਂ ਕਿਹਾ, ‘ਸਾਡੀ ਮੰਗ ਹੈ ਕਿ ਹਸਪਤਾਲਾਂ ਦੇ 70 ਫ਼ੀ ਸਦੀ ਬਿਸਤਰੇ ਕੋਵਿਡ ਮਰੀਜ਼ਾਂ ਲਈ ਰਾਖਵੇਂ ਹੋਣੇ ਚਾਹੀਦੇ ਹਨ ਕਿਉਂਕਿ ਦਿੱਲੀ ਸਰਕਾਰ ਖ਼ੁਦ ਕਹਿ ਰਹੀ ਹੈ ਕਿ ਇਸ ਮਹੀਨੇ ਅਤੇ ਜੁਲਾਈ ਵਿਚ ਮਾਮਲੇ ਬਹੁਤ ਜ਼ਿਆਦਾ ਵਧਣ ਵਾਲੇ ਹਨ।’ ਉਨ੍ਹਾਂ ਕਿਹਾ ਕਿ ਜੇ ਹਰ 100 ਲੋਕਾਂ ਵਿਚ ਜਾਂਚ ਵਿਚ ਔਸਤਨ 27 ਦੇ ਪੀੜਤ ਹੋਣ ਦੀ ਪੁਸ਼ਟੀ ਹੋ ਰਹੀ ਹੈ ਤਾਂ ਤੁਸੀਂ ਜਾਂਚ ਕਿਵੇਂ ਘਟਾ ਸਕਦੇ ਹੋ?
ਜੇ ਮਾਮਲੇ ਵੱਧ ਰਹੇ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਜਾਂਚ ਸੀਮਤ ਕਰ ਕੇ ਸਥਿਤੀ ਨੂੰ ਝੁਠਲਾ ਦੇਵੋਗੇ। ਕਈ ਲੈਬਾਂ ਨੂੰ ਧਮਕੀ ਦਿਤੀ ਗਈ ਹੈ ਕਿ ਜ਼ਿਆਦਾ ਜਾਂਚ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪਣੇ ਘਰ ਵਾਲਿਆਂ ਦੇ ਅੰਤਮ ਸਸਕਾਰ ਲਈ ਕਤਾਰ ਵਿਚ ਖੜਨਾ ਪੈ ਰਿਹਾ ਹੈ ਤਾਂ ਇਹ ਮਾੜੀ ਗੱਲ ਹੈ ਅਤੇ ਸ਼ਰਮਨਾਕ ਵੀ। ਉਨ੍ਹਾਂ ਕਿਹਾ ਕਿ ਕਾਂਗਰਸ ਮੰਗ ਕਰਦੀ ਹੈ ਕਿ ਸੰਸਕਾਰ ਲਈ ਵਾਧੂ ਥਾਂ ਅਤੇ ਸਹੂਲਤਾਂ ਵਧਾਈਆਂ ਜਾਣ। (ਏਜੰਸੀ)