
ਲੁੱਟ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਇਕ ਵਿਅਕਤੀ ਅਤੇ ਉਸ ਦੇ ਦੋ ਭਰਾਵਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਉਸ ਦੇ ਸਾਥੀਆਂ ਨੇ ਉੱਤਰੀ ਦਿੱਲੀ
ਨਵੀਂ ਦਿੱਲੀ, 11 ਜੂਨ : ਲੁੱਟ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਇਕ ਵਿਅਕਤੀ ਅਤੇ ਉਸ ਦੇ ਦੋ ਭਰਾਵਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਉਸ ਦੇ ਸਾਥੀਆਂ ਨੇ ਉੱਤਰੀ ਦਿੱਲੀ ਵਿਚ ਪੁਲਿਸ ਚੌਕੀ ’ਤੇ ਪੱਥਰ ਸੁੱਟੇ ਅਤੇ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਸਾਦਕੀਨ, ਆਸ਼ਕੀਨ ਅਤੇ ਸ਼ਾਹਰੁਖ਼ ਨੇ ਬੁਧਵਾਰ ਨੂੰ ਕਥਿਤ ਤੌਰ ’ਤੇ ਮੁਫ਼ਤ ਦਾ ਖਾਣਾ ਦੇਣ ਤੋਂ ਇਨਕਾਰ ਕਰਨ ’ਤੇ ਬੇਕਰੀ ਮਾਲਕ ਅਖ਼ਲਾਕ ਦੀ ਕੁੱਟਮਾਰ ਕੀਤੀ ਸੀ ਅਤੇ ਨਕਦੀ ਖੋਹ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਦਰਲੋਕ ਪੁਲਿਸ ਚੌਕੀ ਲਿਜਾਇਆ ਗਿਆ। ਪੁਲਿਸ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਕਿਹਾ ਕਿ ਪੁਲਿਸ ਚੌਕੀ ’ਤੇ ਹਮਲੇ ਦੇ ਸਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਸਾਦਕੀਨ ਅਤੇ ਉਸ ਦੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਚੌਕੀ ’ਤੇ ਹਮਲਾ ਕਰਨ ਵਾਲਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਬੁਧਵਾਰ ਰਾਤ 10 ਵਜੇ ਦੀ ਹੈ। ਅਖ਼ਲਾਕ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਜਦ ਮੁਲਜ਼ਮਾਂ ਨੂੰ ਥਾਣੇ ਲਿਆਂਦਾ ਗਿਆ ਤਾਂ ਉਸ ਦੇ ਸਾਥੀ ਲਾਠੀਆਂ ਲੈ ਕੇ ਚੌਕੀ ਆ ਗਏ ਅਤੇ ਪੱਥਰਬਾਜ਼ੀ ਕਰਨ ਲੱਗ ਪਏ। ਨਾਵੇਦ ਨਾਮਕ ਸ਼ਖ਼ਸ ਨੇ ਪੁਲਿਸ ਮੁਲਾਜ਼ਮ ’ਤੇ ਗੋਲੀ ਚਲਾ ਦਿਤੀ। (ਏਜੰਸੀ)