
ਦੇਸ਼ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸੱਭ ਤੋਂ ਵੱਧ 9996 ਮਾਮਲੇ ਸਾਹਮਣੇ ਆਏ ਹਨ ਅਤੇ 357 ਲੋਕਾਂ ਦੀ ਮੌਤ ਹੋ ਗਈ।
ਨਵੀਂ ਦਿੱਲੀ, 11 ਜੂਨ : ਦੇਸ਼ ਵਿਚ ਕੋਵਿਡ-19 ਦੇ ਇਕ ਦਿਨ ਵਿਚ ਸੱਭ ਤੋਂ ਵੱਧ 9996 ਮਾਮਲੇ ਸਾਹਮਣੇ ਆਏ ਹਨ ਅਤੇ 357 ਲੋਕਾਂ ਦੀ ਮੌਤ ਹੋ ਗਈ।
ਵੀਰਵਾਰ ਸਵੇਰੇ ਅੱਠ ਵਜੇ ਤਕ ਲਾਗ ਦੇ ਕੁਲ 2,86,579 ਮਾਮਲੇ ਹੋ ਗਏ ਹਨ ਅਤੇ ਕੁਲ ਪੀੜਤਾਂ ਵਿਚੋਂ 8102 ਪੀੜਤਾਂ ਦੀ ਮੌਤ ਹੋ ਚੁਕੀ ਹੈ। ਇਹ ਲਗਾਤਾਰ ਸਤਵਾਂ ਦਿਨ ਹੈ ਜਦ ਦੇਸ਼ ਵਿਚ 9500 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ।
ਇਕ ਦਿਨ ਵਿਚ ਮ੍ਰਿਤਕਾਂ ਦੀ ਗਿਣਤੀ ਵੀ ਪਹਿਲੀ ਵਾਰ 300 ਦੇ ਪਾਰ ਪਹੁੰਚੀ ਹੈ। ਸਿਹਤ ਮੰਤਰਾਲੇ ਦੇ ਡੇਟਾ ਮੁਤਾਬਕ ਲਗਾਤਾਰ ਦੂਜੇ ਦਿਨ ਅਜਿਹਾ ਹੋਇਆ ਹੈ ਜਦ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਨਾਲੋਂ ਜ਼ਿਆਦਾ ਹੈ। ਦੇਸ਼ ਵਿਚ ਇਸ ਵੇਲੇ ਲਾਗ ਦੇ ਕੁਲ ਮਾਮਲਿਆਂ ਵਿਚ 1,37448 ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 1,41,028 ਲੋਕ ਇਲਾਜ ਮਗਰੋਂ ਠੀਕ ਹੋ ਚੁਕੇ ਹਨ ਅਤੇ ਇਕ ਮਰੀਜ਼ ਦੇਸ਼ ਛੱਡ ਕੇ ਬਾਹਰ ਚਲਾ ਗਿਆ ਹੈ।
File Photo
ਇਸ ਤਰ੍ਹਾਂ ਹੁਣ ਤਕ 49.21 ਫ਼ੀ ਸਦੀ ਮਰੀਜ਼ ਸਿਹਤਯਾਬ ਹੋ ਚੁਕੇ ਹਨ। ਕੁਲ ਪੀੜਤਾਂ ਵਿਚ ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ। ਭਾਰਤ ਇਸ ਮਾਰੂ ਬੀਮਾਰੀ ਤੋਂ ਸੱਭ ਤੋਂ ਵੱਧ ਪ੍ਰਭਾਵਤ ਪੰਜਵਾਂ ਮੁਲਕ ਹੈ। ਭਾਰਤ ਨਾਲੋਂ ਅਮਰੀਕਾ, ਬ੍ਰਾਜ਼ੀਲ, ਰੂਸ ਅਤੇ ਬ੍ਰਿਟੇਨ ਵਿਚ ਵਧੇਰੇ ਮਾਮਲੇ ਹਨ। ਲਾਗ ਕਾਰਨ ਵੀਰਵਾਰ ਸਵੇਰ ਤਕ 357 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ 149 ਮਹਾਰਾਸ਼ਟਰ ਵਿਚ, 79 ਦਿੱਲੀ ਵਿਚ, 34 ਗੁਜਰਾਤ ਵਿਚ, 20 ਯੂਪੀ ਵਿਚ, 19 ਤਾਮਿਲਨਾਡੂ ਵਿਚ, 17 ਪਛਮੀ ਬੰਗਾਲ ਵਿਚ, ਅੱਠ ਤੇਲੰਗਾਨਾ ਵਿਚ, ਸੱਤ ਸੱਤ ਮੱਧ ਪ੍ਰਦੇਸ਼ ਅਤੇ ਹਰਿਆਣਾ ਵਿਚ,
ਚਾਰ ਰਾਜਸਥਾਨ ਵਿਚ, ਤਿੰਨ ਤਿੰਨ ਮਰੀਜ਼ਾਂ ਦੀ ਮੌਤ ਜੰਮੂ ਕਸ਼ਮੀਰ ਅਤੇ ਕਰਨਾਟਕ ਵਿਚ, ਦੋ ਦੋ ਦੀ ਕੇਰਲਾ ਅਤੇ ਉਤਰਾਖੰਡ ਵਿਚ, ਇਕ ਇਕ ਮਰੀਜ਼ ਦੀ ਮੌਤ ਆਂਧਰਾ ਪ੍ਰਦੇਸ਼, ਬਿਹਾਰ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਈ ਹੈ। ਦੇਸ਼ ਵਿਚ ਹੁਣ ਤਕ ਕੁਲ 8102 ਪੀੜਤਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ ਸੱਭ ਤੋਂ ਜ਼ਿਆਦਾ 3438 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ, 1347 ਲੋਕਾਂ ਦੀ ਮੌਤ ਗੁਜਰਾਤ ਵਿਚ, 984 ਲੋਕਾਂ ਦੀ ਮੌਤ ਦਿੱਲੀ ਵਿਚ, 427 ਦੀ ਮੌਤ ਮੱਧ ਪ੍ਰਦੇਸ਼ ਵਿਚ, 432 ਲੋਕਾਂ ਦੀ ਮੌਤ ਪਛਮੀ ਬੰਗਾਲ ਵਿਚ, 326 ਦੀ ਮੌਤ ਤਾਮਿਲਨਾਡੂ ਵਿਚ, 321 ਦੀ ਮੌਤ ਯੂਪੀ ਵਿਚ, 259 ਦੀ ਮੌਤ ਰਾਜਸਥਾਨ ਅਤੇ 156 ਦੀ ਮੌਤ ਤੇਲੰਗਾਨਾ ਵਿਚ ਹੋਈ ਹੈ। (ਏਜੰਸੀ)