
ਤਾਜ਼ਾ ਅੰਕ ’ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨੇਤਾ ਤੇ ਪਾਰਟੀ ਕਾਰਕੁੰਨ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ
RSS News: ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਅੰਗਰੇਜ਼ੀ ਰਸਾਲੇ ‘ਆਰਗੇਨਾਈਜ਼ਰ’ ਨੇ ਹੁਣ ਭਾਰਤੀ ਜਨਤਾ ਨੂੰ ਪਾਰਟੀ ਨੂੰ ਇਕ ਤਰ੍ਹਾਂ ਸ਼ੀਸ਼ਾ ਵਿਖਾਉਣ ਦਾ ਕੰਮ ਕੀਤਾ ਹੈ। ਇਸ ਦੇ ਤਾਜ਼ਾ ਅੰਕ ’ਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਨੇਤਾ ਤੇ ਪਾਰਟੀ ਕਾਰਕੁੰਨ ਬੱਸ ‘ਮੋਦੀ-ਮੋਦੀ’ ਕਰਦੇ ਰਹਿ ਗਏ ਤੇ ਉਨ੍ਹਾਂ ਨੇ ਆਮ ਜਨਤਾ ਦੀ ਆਵਾਜ਼ ਨੂੰ ਅੱਖੋਂ ਪ੍ਰੋਖੇ ਹੀ ਕਰ ਦਿਤਾ।
‘ਆਰਗੇਨਾਈਜ਼ਰ’ ਦੇ ਇਕ ਲੇਖ ’ਚ ਭਾਜਪਾ ਨੂੰ ਝਾੜ ਪਾਉਂਦਿਆਂ ਇਹ ਵੀ ਕਿਹਾ ਹੈ ਕਿ ਪਾਰਟੀ ਆਗੂਆਂ ਤੇ ਕਾਰਕੁੰਨਾਂ ਨੇ ਚੋਣਾਂ ਦੇ ਕੰਮਾਂ ’ਚ ਸਹਿਯੋਗ ਮੰਗਣ ਲਈ ਸਵੈਮ-ਸੇਵਕਾਂ ਨਾਲ ਸੰਪਰਕ ਤਕ ਨਹੀਂ ਕੀਤਾ; ਜਦ ਕਿ ਇਹ ਸਾਰੇ ਸੇਵਕ ਬਿਨਾ ਕਿਸੇ ਲਾਲਚ ਦੇ ਕੰਮ ਕਰਦੇ ਰਹੇ ਹਨ। ‘ਬੱਸ ਸਿਰਫ਼ ਸੈਲਫ਼ੀ ਸਭਿਆਚਾਰ ਰਾਹੀਂ ਸਾਹਮਣੇ ਆਏ ਕਾਰਕੁੰਨਾਂ ਨੂੰ ਹੀ ਅਹਿਮੀਅਤ ਦਿਤੀ ਜਾਂਦੀ ਰਹੀ।’
ਆਰ.ਐਸ.ਐਸ. ਦੇ ਜੀਵਨ ਮੈਂਬਰ ਰਤਨ ਸ਼ਾਰਦਾ ਨੇ ਅਪਣੇ ਲੇਖ ’ਚ ਲਿਖਿਆ ਹੈ - ‘2024 ਦੀਆਂ ਆਮ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਭਾਜਪਾ ਦੇ ਕਾਰਕੁੰਨਾਂ ਤੇ ਕਈ ਆਗੂਆਂ ਨੂੰ ਹਦੋਂ ਵਧ ਆਤਮ-ਵਿਸ਼ਵਾਸ ਸੀ। ਚੋਣਾਂ ਸਿਰਫ਼ ਪੋਸਟਰ ਤੇ ਸੈਲਫ਼ੀਆਂ ਸ਼ੇਅਰ ਕਰਨ ਨਾਲ ਨਹੀਂ, ਸਗੋਂ ਸਿਰਫ਼ ਮੈਦਾਨ ’ਚ ਸਖ਼ਤ ਮਿਹਨਤ ਨਾਲ ਹੀ ਜਿਤੀਆਂ ਜਾ ਸਕਦੀਆਂ ਹਨ।’ ਇਸ ਲੇਖ ’ਚ ਆਰਐਸਐਸ ਵਿਚਾਰਕ ਨੇ ਚੋਣਾਂ ’ਚ ਭਾਜਪਾ ਦੇ ਖ਼ਰਾਬ ਪ੍ਰਦਰਸ਼ਨ ਪਿਛੇ ਪਾਰਟੀ ਦੀ ‘ਬੇਲੋੜੀ ਸਿਆਸਤ’ ਨੂੰ ਵਡਾ ਕਾਰਣ ਦਸਿਆ ਹੈ।
ਰਤਨ ਸ਼ਾਰਦਾ ਨੇ ਅਗੇ ਕਿਹਾ ਹੈ ਕਿ ਮਹਾਰਾਸ਼ਟਰ ’ਚ ਬੇਲੋੜੀ ਰਾਜਨੀਤੀ ਖੇਡੀ ਗਈ ਤੇ ਅਜਿਹੇ ਜੋੜ-ਤੋੜ ਕੀਤੇ ਗਏ, ਜਿਨ੍ਹਾਂ ਤੋਂ ਬਚਿਆ ਜਾ ਸਕਦਾ ਸੀ। ਭਾਜਪਾ ਨੇ ਇਕੋ ਝਟਕੇ ’ਚ ਹੀ ਅਪਣੀ ‘ਬ੍ਰਾਂਡ ਵੈਲਿਯੂ’ ਖ਼ਤਮ ਕਰ ਦਿਤੀ। ‘ਵੈਬ ਦੁਨੀਆ’ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ ’ਚ ਭਾਜਪਾ ਦਾ ਪ੍ਰਦਰਸ਼ਨ ਬੇਹਦ ਖ਼ਰਾਬ ਰਿਹਾ ਕਿਉਂਕਿ ਉਸ ਨੂੰ ਸਿਰਫ਼ ਨੌਂ ਸੀਟਾਂ ’ਤੇ ਹੀ ਜਿਤ ਹਾਸਲ ਹੋ ਸਕੀ। ਸਾਲ 2019 ’ਚ ਇਸ ਸੂਬੇ ਦੀਆਂ ਕੁਲ 48 ਸੀਟਾਂ ’ਚੋਂ ਉਸ ਨੂੰ 23 ਉਤੇ ਜਿਤ ਹਾਸਲ ਹੋਈ ਸੀ। ਲੇਖ ’ਚ ਇਹ ਸੁਆਲ ਵੀ ਕੀਤਾ ਗਿਆ ਹੈ ਕਿ: ‘ਕੀ ਇਹ ਸੁਸਤੀ, ਆਰਾਮ ਤੇ ਅਤਿ ਆਤਮ-ਵਿਸ਼ਵਾਸ ਦੀ ਭਾਵਨਾ ਸੀ ਕਿ ‘ਆੲੈਗਾ ਤਾਂ ਮੋਦੀ ਹੀ, ਅਬਕੀ ਬਾਰ 400 ਪਾਰ?’ ਮੈਨੂੰ ਨਹੀਂ ਪਤਾ।’