
ਦਿੱਲੀ ’ਚ ਯਮੁਨਾ ਦੇ ਪਾਣੀ ਨੇ ਸਾਰੇ ਰੀਕਾਰਡ ਤੋੜੇ, ਹੜ੍ਹ ਸੰਭਾਵਤ ਇਲਾਕਿਆਂ ’ਚ ‘ਪਾਬੰਦੀ ਦੇ ਹੁਕਮ’ ਲਾਗੂ
ਨਵੀਂ ਦਿੱਲੀ: ਦਿੱਲੀ ’ਚ ਬੁਧਵਾਰ ਨੂੰ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਰੀਕਾਰਡ 207.71 ਮੀਟਰ ’ਤੇ ਪੁੱਜ ਗਿਆ। ਇਸ ਤੋਂ ਪਹਿਲਾਂ 1978 ’ਚ ਨਦੀ ਦੇ ਪਾਣੀ ਦਾ ਪੱਧਰ 207.49 ਮੀਟਰ ’ਤੇ ਪੁੱਜਣ ਦਾ ਰੀਕਾਰਡ ਸੀ। ਕੇਂਦਰੀ ਜਲ ਕਮਿਸ਼ਨ (ਸੀ.ਡਬਲਿਊ.ਸੀ.) ਦੇ ਜਲ ਨਿਗਰਾਨੀ ਪੋਰਟਲ ਮੁਤਾਬਕ ਪੁਰਾਣੇ ਰੇਲਵੇ ਪੁਲ ’ਤੇ ਪਾਣੀ ਦਾ ਪੱਧਰ ਸਵੇਰੇ ਚਾਰ ਵਜੇ 207 ਮੀਟਰ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਜੋ 2013 ਤੋਂ ਬਾਅਦ ਪਹਿਲੀ ਵਾਰੀ ਇਸ ਪੱਧਰ ’ਤੇ ਪੁਜਿਆ। ਸ਼ਾਮ ਚਾਰ ਵਜੇ ਤਕ ਪਾਣੀ ਦਾ ਪੱਧਰ 207.71 ਮੀਟਰ ’ਤੇ ਪੁੱਜ ਗਿਆ। ਖੇਤੀ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਦਸਿਆ ਕਿ ਨਦੀ ’ਚ ਪਾਣੀ ਦਾ ਪੱਧਰ ਹੋਰ ਵਧਣ ਦੇ ਆਸਾਰ ਹਨ। ਪੁਰਾਣੇ ਰੇਲਵੇ ਪੁਲ ’ਤੇ ਆਵਾਜਾਈ ਨੂੰ ਬੰਦ ਕਰ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਘਰ 'ਚ ਪਾਣੀ ਨਾਲ ਅੰਦਰ ਵੜੇ ਸੱਪ ਨੇ ਵਿਅਕਤੀ ਨੂੰ ਮਾਰਿਆ ਡੰਗ, ਮੌਤ
ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਯਕੀਨੀ ਕਰਨ ਲਈ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਲਈ ਅਪੀਲ ਕੀਤੀ ਹੈ ਕਿ ਯਮੁਨਾ ਦਾ ਪੱਧਰ ਹੋਰ ਨਾ ਵਧੇ। ਉਨ੍ਹਾਂ ਕਿਹਾ, ‘‘ਦਿੱਲੀ ’ਚ ਪਿਛਲੇ ਦੋ ਦਿਨਾਂ ਤੋਂ ਮੀਂਹ ਨਹੀਂ ਪਿਆ ਹੈ। ਹਾਲਾਂਕਿ ਹਥਨੀਕੁੰਡ ਬਰਾਜ ’ਚ ਹਰਿਆਣਾ ਵਲੋਂ ਬਹੁਤ ਜ਼ਿਆਦਾ ਵੱਧ ਪਾਣੀ ਛੱਡਣ ਕਾਰਨ ਯਮੁਨਾ ਦਾ ਪੱਧਰ ਵਧ ਰਿਹਾ ਹੈ। ਕੇਂਦਰ ਤੋਂ ਇਹ ਯਕੀਨੀ ਕਰਨ ਦੀ ਅਪੀਲ ਕੀਤੀ ਜਾਂਦੀ ਹੈ ਕਿ ਯਮੁਨਾ ਦੇ ਪਾਣੀ ਦਾ ਪੱਧਰ ਹੋਰ ਨਾ ਵਧੇ।’’
ਇਹ ਵੀ ਪੜ੍ਹੋ: ਪਤੀ ਨੇ ਆਪਸੀ ਝਗੜੇ ਕਾਰਨ ਅਪਣੇ ਘਰ ਨੂੰ ਲਗਾਈ ਅੱਗ, ਧੀਆਂ ਦੇ ਸਰਟੀਫਿਕੇਟ ਸਮੇਤ ਸਾਰਾ ਸਮਾਨ ਸੜ ਕੇ ਸੁਆਹ
ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਆਓ ਮਿਲ ਕੇ ਕੰਮ ਕਰੀਏ। ਜੀ-20 ਸਿਖਰ ਸੰਮੇਲਨ ਤੋਂ ਪਹਿਲਾਂ ਦਿੱਲੀ ’ਚ ਹੜ੍ਹ ਦੀ ਖ਼ਬਰ ਤੋਂ ਦੁਨੀਆ ’ਚ ਚੰਗਾ ਸੰਦੇਸ਼ ਨਹੀਂ ਜਾਵੇਗਾ।’’ ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਕੌਮੀ ਰਾਜਧਾਨੀ ’ਚ ਹੜ੍ਹ ਆਉਣ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਇਲਾਕਿਆਂ ’ਚ ਬੁਧਵਾਰ ਨੂੰ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਲਾਗੂ ਕੀਤੇ ਹਨ। ਇਸ ਧਾਰਾ ਹੇਠ ਇਕ ਥਾਂ ’ਤੇ ਚਾਰ ਤੋਂ ਵੱਧ ਲੋਕਾਂ ਦੇ ਇਕ ਹੀ ਥਾਂ ’ਤੇ ਇਕਠਾ ਹੋਣ ’ਤੇ ਰੋਕ ਹੁੰਦੀ ਹੈ। ਦਿੱਲੀ ’ਚ ਪਿਛਲੇ ਤਿੰਨ ਦਿਨਾਂ ਤੋਂ ਯਮੁਨਾ ’ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਕਿਸੇ ਵੀ ਜ਼ਰੂਰਤ ਲਈ ਹੈਲਪਲਾਈਨ ਨੰਬਰ 1077 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਦਿੱਲੀ ਦੇ ਜਲ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਯਮੁਨਾ ਦਾ ਪਾਣੀ ਰਾਜਧਾਨੀ ਦੇ ਹੋਰ ਹਿੱਸਿਆਂ ’ਚ ਜਾਣ ਤੋਂ ਰੋਕਣ ਲਈ ਬੰਨ੍ਹ ਬਣਾਏ ਜਾ ਰਹੇ ਹਨ। ਦਿੱਲੀ ’ਚ 1924, 1977, 1978, 2010 ਅਤੇ 2013 ’ਚ ਭਿਆਨਕ ਹੜ੍ਹ ਆਏ ਸਨ। ਇਕ ਖੋਜ ਅਨੁਸਾਰ, 1963 ਤੋਂ 2010 ਤਕ ਹੜ੍ਹਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਸਤੰਬਰ ’ਚ ਹੜ੍ਹ ਆਉਣਾ ਵਧਣ ਅਤੇ ਜੁਲਾਈ ’ਚ ਹੜ੍ਹ ਆਉਣ ’ਚ ਕਮੀ ਦਾ ਸੰਕੇਤ ਮਿਲਦਾ ਹੈ।
‘ਸਾਊਥ ਏਸ਼ੀਆ ਨੈੱਟਵਰਕ ਡਾਨ ਡੈਮਸ, ਰਿਵਰਸ, ਪੀਪਲ’ (ਐਸ.ਏ.ਐਲ.ਡੀ.ਆਰ.ਪੀ.) ਦੇ ਸਹਾਇਕ ਤਾਲਮੇਲਕਰਤਾ ਭੀਮ ਸਿੰਘ ਰਾਵਤ ਨੇ ਦਿੱਲੀ ’ਚ ਯਮੁਨਾ ਦੇ ਪਾਣੀ ਦੇ ਪੱਧਰ ’ਚ ਰੀਕਾਰਡ ਵਾਧੇ ਲਈ ਗਾਦ ਕਾਰਨ ਨਦੀ ਦਾ ਤਲ ਉੱਚਾ ਹੋਣ ਨੂੰ ਜ਼ਿੰਮੇਵਾਰ ਦਸਿਆ ਹੈ। ਉਨ੍ਹਾਂ ਕਿਹਾ, ‘‘ਤਲ ਦੀ ਸਫ਼ਾਈ ਨਾ ਹੋਣਾ, ਵਜ਼ੀਰਾਬਾਦ ਤੋਂ ਓਖਲਾ ਤਕ ਦੇ 22 ਕਿਲੋਮੀਟਰ ਦੇ ਰਸਤੇ ’ਚ 20 ਤੋਂ ਵੱਧ ਪੁਲ ਅਤੇ ਤਿੰਨ ਬੈਰਾਜ ਪਾਣੀ ਦੇ ਵਹਾਅ ਨੂੰ ਰੋਕਦੇ ਹਨ।’’ ਵਾਧੂ ਪਾਣੀ ਛੱਡਣ ਲਈ ਓਖਲਾ ਬੈਰਾਜ ਦੇ ਸਾਰੇ ਦਰਵਾਜ਼ੇ ਖੋਲ੍ਹ ਦਿਤੇ ਗਏ ਹਨ।