
ਕੇਰਲ 'ਚ ਮ੍ਰਿਤਕਾਂ ਦੀ ਗਿਣਤੀ 76 ਹੋਈ
ਨਵੀਂ ਦਿੱਲੀ : ਉੱਤਰਾਖੰਡ ਅਤੇ ਜੰਮੂ 'ਚ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 9 ਜਣਿਆਂ ਦੀ ਮੌਤ ਹੋ ਗਈ ਜਦਕਿ ਕੇਰਲ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ 'ਚ ਸੋਮਵਾਰ ਨੂੰ ਵੀ ਬਚਾਅ ਮੁਹਿੰਮ ਜਾਰੀ ਰਹੀ। ਹੜ੍ਹ ਪ੍ਰਭਾਵਤ ਸੂਬਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 173 ਹੋ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਹੜ੍ਹ ਪ੍ਰਭਾਵਤ ਸੂਬਿਆਂ ਦੇ ਕਈ ਇਲਾਕਿਆਂ 'ਚ ਮੀਂਹ ਰੁਕ ਗਿਆ ਹੈ ਜਿੱਥੇ 12 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਤ ਹੋਏ ਹਨ ਅਤੇ ਪਾਣੀ 'ਚ ਡੁੱਬੇ ਇਲਾਕਿਆਂ 'ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ।
9 killed in landslides in Uttarakhand and Jammu & Kashmir
ਅੰਕੜਿਆਂ ਅਨੁਸਾਰ ਮਾਨਸੂਨੀ ਮੀਂਹ ਦੇ ਕਹਿਰ ਕਰ ਕੇ ਕੇਰਲ 'ਚ ਸੋਮਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 76 ਹੋ ਗਈ ਜਦਕਿ ਕਰਨਾਟਕ, ਗੁਜਰਾਤ ਅਤੇ ਮਹਾਰਾਸ਼ਟਰ 'ਚ ਹੁਣ ਤਕ 97 ਲੋਕਾਂ ਦੀ ਮੌਤ ਹੋ ਗਈ। ਗੁਜਰਾਤ ਦੇ ਕੱਛ ਜ਼ਿਲ੍ਹੇ 'ਚ ਹੜ੍ਹਾਂ 'ਚ ਸੜਕ ਵਹਿ ਜਾਣ ਕਰ ਕੇ ਉਥੇ ਫਸੇ ਲਗਭਗ 125 ਲੋਕਾਂ ਨੂੰ ਹਵਾਈ ਫ਼ੌਜ ਨੇ ਕਢਿਆ ਜਦਕਿ ਕਰਨਾਟਕ ਅਤੇ ਮਹਾਰਾਸ਼ਟਰ 'ਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਰ ਕੇ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ।
9 killed in landslides in Uttarakhand and Jammu & Kashmir
ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਨਾਲ ਜੂਝ ਰਹੇ ਪਹਾੜੀ ਸੂਬੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਤਿੰਨ ਵੱਖ-ਵੱਖ ਪਿੰਡਾਂ 'ਚ ਇਕ ਔਰਤ ਅਤੇ 9 ਮਹੀਨਿਆਂ ਦੀ ਉਸ ਦੀ ਬੇਟੀ ਸਮੇਤ ਛੇ ਵਿਅਕਤੀ ਜ਼ਮੀਨ ਖਿਸਕਣ ਦੀ ਮਾਰ ਹੇਠ ਆ ਕੇ ਜ਼ਿੰਦਾ ਦਫ਼ਨ ਹੋ ਗਏ। ਚੁਫ਼ਲਾਗੜ੍ਹ ਨਦੀ 'ਚ ਆਏ ਹੜ੍ਹ ਦੇ ਤੇਜ਼ ਵਹਾਅ 'ਚ ਇਸ ਦੇ ਕਿਨਾਰੇ 'ਤੇ ਬਣੀਆਂ ਦੋ ਇਮਾਰਤਾਂ ਵਹਿ ਗਈਆਂ। ਦੇਹਰਾਦੂਨ 'ਚ ਸੂਬਾ ਬਿਪਤਾ ਮੁਹਿੰਮ ਕੇਂਦਰ ਨੇ ਕਿਹਾ ਕਿ ਜ਼ਿਲ੍ਹੇ 'ਚ ਘਾਟ ਇਲਾਕੇ 'ਚ ਬੰਜਬਗੜ੍ਹ, ਅਲੀਗਾਉਂ ਅਤੇ ਲਾਂਖੀ ਪਿੰਡ 'ਚ ਤਿੰਨ ਘਰਾਂ 'ਤੇ ਜ਼ਮੀਨ ਖਿਸਕਣ ਦਾ ਮਲਬਾ ਡਿੱਗ ਜਾਣ ਕਰ ਕੇ ਉਥੇ ਰਹਿਣ ਵਾਲੇ ਲੋਕ ਫੱਸ ਗਏ। ਛੇ ਵਿਅਕਤੀਆਂ ਦੀ ਦਮ ਘੁੱਟਣ ਕਰ ਕੇ ਮੌਤ ਹੋ ਗਈ।
9 killed in landslides in Uttarakhand and Jammu & Kashmir
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਜ਼ਮੀਨ ਖਿਸਕਣ ਦੌਰਾਨ ਇਕ ਵੱਡੇ ਪੱਥਰ ਦੇ ਹੇਠਾਂ ਆ ਜਾਣ ਨਾਲ ਇਕ ਹੀ ਪ੍ਰਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਘਟਨਾ ਜ਼ਿਲ੍ਹੇ ਦੇ ਮਹੋਰ ਖੇਤਰ ਦੇ ਲਾਰ ਪਿੰਡ 'ਚ ਐਤਵਾਰ ਸ਼ਾਮ ਨੂੰ ਹੋਈ ਜਿਸ 'ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਹੜ੍ਹ ਪ੍ਰਭਾਵਤ ਕਈ ਸੂਬਿਆਂ 'ਚ ਸੋਮਵਾਰ ਨੂੰ ਕਈ ਸੜਕਾਂ ਆਵਾਜਾਈ ਲਈ ਖੋਲ੍ਹ ਦਿਤੀਆਂ ਗਈਆਂ, ਜਿਸ 'ਚ ਸਿਰਫ਼ ਜ਼ਰੂਰੀ ਸਮਾਨ ਨਾਲ ਲੱਦੇ ਟਰੱਕਾਂ ਨੂੰ ਆਵਾਜਾਈ ਦੀ ਮਨਜ਼ੂਰੀ ਦਿਤੀ ਗਈ। ਹੜ੍ਹ ਪ੍ਰਭਾਵਤ ਸੂਬਿਆਂ 'ਚ ਅਹਿਤਿਆਤ ਵਰਤੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਨਦੀਆਂ ਉਫ਼ਾਨ 'ਤੇ ਹਨ।
9 killed in landslides in Uttarakhand and Jammu & Kashmir
ਰਾਹੁਲ ਗਾਂਧੀ ਨੇ ਹੜ੍ਹ ਪ੍ਰਭਾਵਤ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿਤਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕੇਰਲ 'ਚ ਅਪਣੇ ਵਾਇਨਾਡ ਸੰਸਦੀ ਖੇਤਰ 'ਚ ਬੁਰੀ ਤਰ੍ਹਾਂ ਪ੍ਰਭਾਵਤ ਪੁਥੁਮਾਲਾ ਸਮੇਤ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਬਿਪਤਾ ਨਾਲ ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ 'ਚ ਹਰ ਸੰਭਵ ਮਦਦ ਦਾ ਭਰੋਸਾ ਦਿਤਾ। ਐਨ.ਡੀ.ਆਰ.ਐਫ਼., ਹਵਾਈ ਫ਼ੌਜ, ਸੂਬਾ ਬਿਪਤਾ ਮੋਚਨ ਬਲ ਅਤੇ ਸਥਾਨਕ ਪ੍ਰਸ਼ਾਸਨ ਹੜ੍ਹ ਪ੍ਰਭਾਵਤ ਸੂਬਿਆਂ 'ਚ ਰਾਹਤ ਅਤੇ ਬਚਾਅ ਕਾਰਜਾਂ 'ਚ ਲਗਿਆ ਹੋਇਆ ਹੈ।