ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਪੁਲਾਕੇਸ਼ੀ ਨਗਰ ਵਿਚ ਮੰਗਲਵਾਰ ਦੀ ਰਾਤ ਭੀੜ ਨੇ ਥਾਣੇ ਅਤੇ ਕਾਂਗਰਸ ਵਿਧਾਇਕ ਦੀ ਰਿਹਾਇਸ਼ ਵਿਚ ਭੰਨਤੋੜ ਕੀਤੀ।
ਨਵੀਂ ਦਿੱਲੀ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਦੇ ਪੁਲਾਕੇਸ਼ੀ ਨਗਰ ਵਿਚ ਮੰਗਲਵਾਰ ਦੀ ਰਾਤ ਭੀੜ ਨੇ ਥਾਣੇ ਅਤੇ ਕਾਂਗਰਸ ਵਿਧਾਇਕ ਦੀ ਰਿਹਾਇਸ਼ ਵਿਚ ਭੰਨਤੋੜ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ ‘ਤੇ ਵਿਧਾਇਕ ਦੇ ਰਿਸ਼ਤੇਦਾਰ ਵੱਲੋਂ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਤੋਂ ਨਰਾਜ਼ ਹੋਣ ਕਾਰਨ ਕੁਝ ਲੋਕਾਂ ਨੇ ਪੱਥਰਬਾਜ਼ੀ ਕੀਤੀ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ।
ਬੰਗਲੁਰੂ ਦੇ ਪੁਲਿਸ ਕਮਿਸ਼ਨਰ ਕਮਲ ਪੰਤ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਸਾਂਝੀ ਕਰ ਵਾਲੇ ਅਰੋਪੀ ਨਵੀਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਿੰਸਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 60 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਏਸੀਪੀ ਵੀ ਸ਼ਾਮਲ ਹਨ। ਇਹ ਘਟਨਾ ਵਿਧਾਇਕ ਦੇ ਇਕ ਕਥਿਤ ਰਿਸ਼ਤੇਦਾਰ ਵੱਲੋਂ ਸੋਸ਼ਲ ਮੀਡੀਆ ‘ਤੇ ਫਿਰਕੂ ਮੁੱਦੇ ਨਾਲ ਸਬੰਧਤ ਇਕ ਪੋਸਟ ਸਾਂਝੀ ਕਰਨ ਤੋਂ ਬਾਅਦ ਵਾਪਰੀ ਸੀ।
ਪੁਲਿਸ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਵਿਧਾਇਕ ਅਖ਼ੰਡ ਸ੍ਰੀਨਿਵਾਸ ਮੂਰਤੀ ਦੀ ਰਿਹਾਇਸ਼ ਕੋਲ ਜਮ੍ਹਾਂ ਹੋ ਗਏ ਅਤੇ ਉਹਨਾਂ ਨੇ ਭੰਨਤੋੜ ਕੀਤੀ। ਉੱਥੇ ਖੜ੍ਹੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਭੀੜ ਨੇ ਥਾਣੇ ਨੂੰ ਨਿਸ਼ਾਨਾ ਬਣਾਇਆ। ਭੀੜ ਨੇ ਮਾਮਲੇ ਵਿਚ ਐਫਆਈਆਰ ਦਰਜ ਕਰਨ ਅਤੇ ਅਰੋਪੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕਰਦੇ ਹੋਏ ਨਾਅਰੇ ਲਗਾਏ।
ਸ੍ਰੀਨਿਵਾਸ ਮੂਰਤੀ ਦੇ ਕਰੀਬੀ ਸੂਤਰ ਨੇ ਕਿਹਾ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਘਰ ਨਹੀਂ ਸੀ। ਕੁਝ ਦੇਰ ਬਾਅਦ ਵਿਧਾਇਕ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਉਹਨਾਂ ਨੇ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਗਈ। ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਖੁਦ ਨੂੰ ਵਿਧਾਇਕ ਦਾ ਰਿਸ਼ਤੇਦਾਰ ਦੱਸਣ ਵਾਲੇ ਅਰੋਪੀ ਨੇ ਕਥਿਤ ਤੌਰ ‘ਤੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ, ਜਿਸ ਨਾਲ ਇਕ ਭਾਈਚਾਰੇ ਦੇ ਲੋਕ ਭੜਕ ਉੱਠੇ। ਵਿਧਾਇਕ ਨੇ ਭਾਈਚਾਰੇ ਦੇ ਲੋਕਾਂ ਨੂੰ ਹਿੰਸਾ ਨਾ ਕਰਨ ਦੀ ਅਪੀਲ ਕੀਤੀ।