
ਸਾਰੇ ਜ਼ਿਲ੍ਹਿਆਂ ਵਿਚ ਰਾਤ ਅਤੇ ਹਫ਼ਤੇ ਦੇ ਕਰਫ਼ਿਊ ਦਾ ਕੀਤਾ ਐਲਾਨ
ਬੰਗਲੁਰੂ : ਕਰਨਾਟਕ ਵਿਚ ਪਿਛਲੇ ਪੰਜ ਦਿਨਾਂ ਵਿਚ ਘੱਟੋ ਘੱਟ 242 ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ ਵਧ ਸਕਦੀ ਹੈ।
Children corona positive
ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਹੀ ਮਾਹਰ ਅਨੁਮਾਨ ਲਗਾ ਰਹੇ ਸਨ ਕਿ ਤੀਜੀ ਲਹਿਰ ਬੱਚਿਆਂ ਨੂੰ ਸੱਭ ਤੋਂ ਵੱਧ ਪ੍ਰਭਾਵਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿਚ ਇਹ ਅੰਕੜੇ ਡਰਾਉਣੇ ਹਨ। ਬ੍ਰੂਹਟ ਬੰਗਲੁਰੂ ਨਗਰ ਨਿਗਮ ਨੇ ਕਿਹਾ ਹੈ ਕਿ ਪਿਛਲੇ ਪੰਜ ਦਿਨਾਂ ਵਿਚ 19 ਸਾਲ ਤੋਂ ਘੱਟ ਉਮਰ ਦੇ 242 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
Children corona positive
ਮਾਹਰ ਚੇਤਾਵਨੀ ਦੇ ਚੁੱਕੇ ਹਨ ਕਿ ਕੋਵਿਡ -19 ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿਚੋਂ 106 ਬੱਚਿਆਂ ਦੀ ਉਮਰ 9 ਸਾਲ ਤੋਂ ਘੱਟ ਹੈ। ਜਦੋਂ ਕਿ 136 ਬੱਚੇ 9 ਤੋਂ 19 ਸਾਲ ਦੇ ਵਿਚਕਾਰ ਹਨ। ਮੰਗਲਵਾਰ ਨੂੰ ਰਾਜ ਵਿਚ ਲਾਗ ਦੇ 1 ਹਜ਼ਾਰ 338 ਨਵੇਂ ਮਾਮਲੇ ਮਿਲੇ। ਇਸ ਦੌਰਾਨ 31 ਮਰੀਜ਼ਾਂ ਦੀ ਮੌਤ ਹੋ ਗਈ।
Children corona positive
ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁੱਝ ਦਿਨਾਂ ਵਿਚ ਮਾਮਲੇ “ਤਿੰਨ ਗੁਣਾ” ਹੋ ਜਾਣਗੇ ਅਤੇ “ਇਹ ਇਕ ਵੱਡਾ ਖਤਰਾ ਹੈ।” ਕਰਨਾਟਕ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਵਿਚ ਰਾਤ ਅਤੇ ਹਫ਼ਤੇ ਦੇ ਕਰਫ਼ਿਊ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਇਲਾਵਾ ਕੇਰਲ-ਕਰਨਾਟਕ, ਮਹਾਰਾਸਟਰ-ਕਰਨਾਟਕ ਸਰਹੱਦਾਂ ’ਤੇ ਦਾਖ਼ਲੇ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਮੇਂ ਦੌਰਾਨ ਸਿਰਫ਼ ਆਰਟੀ-ਪੀਸੀਆਰ ਸਰਟੀਫ਼ਿਕੇਟ ਵਾਲੇ ਯਾਤਰੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। ਇਹ ਸਰਟੀਫ਼ਿਕੇਟ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਸੂਤਰਾਂ ਨੇ ਦਸਿਆ ਹੈ ਕਿ ਸਰਕਾਰ 16 ਅਗੱਸਤ ਤੋਂ ਅੰਸਕ ਤਾਲਾਬੰਦੀ ਲਗਾ ਸਕਦੀ ਹੈ।