ਸੂਚੀ ’ਚ ਬਵਾਸੀਰ ਰੋਕੂ ਦਵਾਈਆਂ, ਸਤਹੀ ਐਂਟੀਬਾਇਉਟਿਕ, ਖਾਂਸੀ ਰੋਕੂ ਦਵਾਈਆਂ, ਫਿਣਸੀਆਂ ਰੋਕੂ ਦਵਾਈਆਂ ਅਤੇ ਗ਼ੈਰ-ਸਟੇਰਾਈਡ ਸੋਜ਼ਿਸ਼ ਰੋਕੂ ਦਵਾਈਆਂ ਸ਼ਾਮਲ
ਨਵੀਂ ਦਿੱਲੀ: ਕੌਮੀ ਮੈਡੀਕਲ ਕਮਿਸ਼ਨ ਨੇ ਅਪਣੇ ਨਵੇਂ ਨੋਟੀਫ਼ਾਈ ਨਿਯਮਾਂ ’ਚ ਪਹਿਲੀ ਵਾਰੀ ਦਵਾਈਆਂ ਦੀ ਉਪਚਾਰਾਤਮਕ ਸ਼੍ਰੇਣੀਆਂ ਦੀ ਇਕ ਸੂਚੀ ਦਿਤੀ ਹੈ ਜਿਨ੍ਹਾਂ ਨੂੰ ਡਾਕਟਰ ਦੀ ਪਰਚੀ ਤੋਂ ਬਗ਼ੈਰ ਵੇਚਿਆ ਜਾ ਸਕਦਾ ਹੈ। ਹਾਲਾਂਕਿ ਸੂਚੀ ਵਿਸ਼ੇਸ਼ ਦਵਾਈਆਂ ਦੇ ਨਾਂ ਨਹੀਂ ਦਿੰਦੀ ਹੈ।
ਐਨ.ਐਮ.ਸੀ. ਨੇ 2 ਅਗੱਸਤ ਨੂੰ ਜਾਰੀ ਅਪਣੇ ‘ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰਜ਼ ਦੇ ਪੇਸ਼ੇਵਰ ਵਤੀਰੇ ਨਾਲ ਸਬੰਧਤ ਰੈਗੂਲੇਸ਼ਨ’ ’ਚ ਕਿਹਾ ਗਿਆ ਹੈ ਕਿ ‘ਓਵਰ-ਦ-ਕਾਊਂਟਰ’ (ਓ.ਟੀ.ਸੀ.) ਦਵਾਈਆਂ ਨੂੰ ਕਾਨੂੰਨੀ ਰੂਪ ’ਚ ਡਾਕਟਰ ਦੀ ਪਰਚੀ ਤੋਂ ਬਗ਼ੈਰ ਵੇਚਣ ਦੀ ਇਜਾਜ਼ਤ ਹੈ।
ਐਨ.ਐਮ.ਸੀ. ਰੈਗੂਲੇਸ਼ਨ ’ਚ ਲਿਖੀਆਂ ਓ.ਟੀ.ਸੀ. ਮੈਡੀਕਲ ਸ਼੍ਰੇਣੀਆਂ ਦੀ ਸੂਚੀ ’ਚ ਬਵਾਸੀਰ ਰੋਕੂ ਦਵਾਈਆਂ, ਸਤਹੀ ਐਂਟੀਬਾਇਉਟਿਕ, ਖਾਂਸੀ ਰੋਕੂ ਦਵਾਈਆਂ, ਫਿਣਸੀਆਂ ਰੋਕੂ ਦਵਾਈਆਂ ਅਤੇ ਗ਼ੈਰ-ਸਟੇਰਾਈਡ ਸੋਜ਼ਿਸ਼ ਰੋਕੂ ਦਵਾਈਆਂ ਸ਼ਾਮਲ ਹਨ।
ਇਨ੍ਹਾਂ ’ਚ ਐਂਟੀਸੈਪਟਿਕ, ਐਨਲਜੇਸਿਕ, ਡਿਕੌਗਨੈਂਟ, ਐਸਪੀਰਿਨ, ਵੈਸੋਡਿਲੇਟਰ, ਐਂਟਾਸਿਡ, ਐਕਸਪੇਕਟੋਰੈਂਟ, ਐਂਟੀ ਫ਼ੰਗਲ ਦਵਾਈਆਂ, ਐਂਟੀ ਹਿਸਟਾਮਾਈਨ, ਪੇਟ ਦੀ ਗੈਸ ਦੂਰ ਕਰਨ ਵਾਲੀਆਂ ਦਵਾਈਆਂ ਅਤੇ ਤਮਾਕੂਨੋਸ਼ੀ ਬੰਦ ਕਰਵਾਉਣ ’ਚ ਮਦਦ ਕਰਨ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ।
ਐਨ.ਐਮ.ਸੀ. ਨੇ ਓ.ਟੀ.ਸੀ. ਦਵਾਈਆਂ ਨੂੰ ਆਮ ਬਿਮਾਰੀਆਂ ਦੀਆਂ ਦਵਾਈਆਂ ਦੇ ਰੂਪ ’ਚ ਪਰਿਭਾਸ਼ਿਤ ਕੀਤਾ ਹੈ ਅਤੇ ਜੋ ਸਿਹਤ ਪੇਸ਼ੇਵਰ ਤੋਂ ਇਲਾਜ ਤੋਂ ਬ਼ਗੈਰ ਜਨਤਾ ਦੇ ਪ੍ਰਯੋਗ ਲਈ ਸੁਰਖਿਅਤ ਅਤੇ ਅਸਰਦਾਰ ਹਨ।
ਐਨ.ਐਮ.ਸੀ਼ ਨੇ ਕਿਹਾ ਕਿ ਉਹ ਸਾਰੀਆਂ ਦਵਾਈਆਂ ਜੋ ਡਾਕਟਰ ਦੀ ਸਲਾਹ ਵਾਲੀਆਂ ਦਵਾਈਆਂ ਦੀ ਸੂਚੀ ’ਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਗ਼ੈਰ-ਸਲਾਹ ਜਾਂ ਓ.ਟੀ.ਸੀ. ਦਵਾਈਆਂ ਮੰਨਿਆ ਜਾਂਦਾ ਹੈ।
ਇਸ ਬਾਬਤ ਇਕ ਸੂਤਰ ਨੇ ਕਿਹਾ ਕਿ ਦਵਾਈ ਅਤੇ ਸ਼ਿੰਗਾਰ ਸਮੱਗਰੀ ਐਕਟ ਅਤੇ ਇਸ ਹੇਠ ਨਿਯਮਾਂ ’ਚ ਓ.ਟੀ.ਸੀ. ਦਵਾਈਆਂ ਦੀ ਕੋਈ ਪਰਿਭਾਸ਼ਾ ਨਹੀਂ ਹੈ ਅਤੇ ਇਸ ਤੋਂ ਇਲਾਵਾ, ਓ.ਟੀ.ਸੀ. ਦਵਾਈਆਂ ਨੂੰ ਰੈਗੂਲੇਟ ਕਰਨ ਲਈ ਕੋਈ ਵਿਸ਼ੇਸ਼ ਸ਼ਰਤ ਵੀ ਨਹੀਂ ਹੈ।
ਦਵਾਈ ਅਤੇ ਸ਼ਿੰਗਾਰ ਸਮੱਗਰੀ ਐਕਟ ਹੇਠ ਡਰੱਗਜ਼ ਸਲਾਹਕਾਰ ਕਮੇਟੀ ਨੇ ਕੁਝ ਸਾਲ ਪਹਿਲਾਂ ਓ.ਟੀ.ਸੀ. ਦਵਾਈਆਂ ਨੂੰ ਪਰਿਭਾਸ਼ਿਤ ਕਰਨ ਅਤੇ ਅਜਿਹੀਆਂ ਦਵਾਈਆਂ ਦੀ ਇਕ ਸੂਚੀ ਦੀ ਪਛਾਣ ਕਰਨ ਲਈ ਇਕ ਉਪ-ਕਮੇਟੀ ਬਣਾਈ ਸੀ। ਕਮੇਟੀ ਨੇ 2019 ’ਚ ਕੇਂਦਰੀ ਦਵਾਈ ਮਾਨਕ ਕੰਟਰੋਲ ਸੰਗਠਨ ਨੂੰ ਅਪਣੀ ਰੀਪੋਰਟ ਸੌਂਪੀ ਸੀ। ਸਰਕਾਰ ਨੂੰ ਉਪ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਅਜੇ ਮਨਜ਼ੂਰ ਕਰਨਾ ਹੈ।