
ਇਸ ਦੇ ਲਈ ਬਾਹਰੀ ਲੋਕਾਂ ਨੂੰ ਜਲਦ ਰਿਹਾਇਸ਼ੀ ਸਟੀਫਿਕੇਟ ਜਾਰੀ ਕੀਤੇ ਜਾਣਗੇ।
ਜੰਮੂ: ਜੰਮੂ ਦੀ ਡਿਪਟੀ ਕਮਿਸ਼ਨਰ ਅਵਨੀ ਲਵਾਸਾ ਨੇ ਇਕ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਜੰਮੂ ਵਿਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਕਿਸੇ ਵੀ ਵਿਅਕਤੀ ਨੂੰ ਨਵੇਂ ਵੋਟਰ ਵਜੋਂ ਰਜਿਸਟਰ ਕੀਤਾ ਜਾਵੇ। ਉਹਨਾਂ ਦੇ ਇਸ ਫੈਸਲੇ ਤੋਂ ਬਾਅਦ ਜੇਕਰ ਕੋਈ ਵੀ ਬਾਹਰੀ ਵਿਅਕਤੀ ਇਕ ਸਾਲ ਤੋਂ ਜ਼ਿਆਦਾ ਸਮਾਂ ਜੰਮੂ 'ਚ ਰਹਿੰਦਾ ਹੈ ਤਾਂ ਉਸ ਨੂੰ ਵੋਟ ਦਾ ਅਧਿਕਾਰ ਮਿਲੇਗਾ। ਇਸ ਦੇ ਲਈ ਬਾਹਰੀ ਲੋਕਾਂ ਨੂੰ ਜਲਦ ਰਿਹਾਇਸ਼ੀ ਸਟੀਫਿਕੇਟ ਜਾਰੀ ਕੀਤੇ ਜਾਣਗੇ।
ਅਧਿਕਾਰੀਆਂ ਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕਾਂ ਨੂੰ ਰਿਹਾਇਸ਼ੀ ਸਰਟੀਫਿਕੇਟ ਜਾਰੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਇਸ ਕਦਮ ਨਾਲ ਇਹਨਾਂ ਲੋਕਾਂ ਦੇ ਨਾਂ ਵੋਟਰ ਸੂਚੀ ਦੀ ਵਿਸ਼ੇਸ਼ ਸੋਧ ਵਿਚ ਸ਼ਾਮਲ ਹੋ ਜਾਣਗੇ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਜੰਮੂ 'ਚ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ 'ਤੇ ਚੋਣ ਕਮਿਸ਼ਨ ਦੇ ਹੁਕਮਾਂ ਦੀ ਆਲੋਚਨਾ ਕਰਦੇ ਹੋਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜੰਮੂ-ਕਸ਼ਮੀਰ ਨੂੰ ਧਾਰਮਿਕ ਅਤੇ ਖੇਤਰੀ ਪੱਧਰ 'ਤੇ ਵੰਡਣ ਦੀਆਂ ਕਥਿਤ ਕੋਸ਼ਿਸ਼ਾਂ ਨੂੰ 'ਅਸਫਲ' ਕਰ ਦੇਣਾ ਚਾਹੀਦਾ ਹੈ ਕਿਉਂਕਿ 'ਭਾਵੇਂ ਉਹ ਕਸ਼ਮੀਰੀ ਹੋਣ ਜਾਂ ਡੋਗਰੇ, ਸਾਡੀ ਪਛਾਣ ਅਤੇ ਅਧਿਕਾਰਾਂ ਦੀ ਰਾਖੀ ਉਦੋਂ ਹੀ ਸੰਭਵ ਹੋ ਸਕਦੀ ਹੈ ਜਦੋਂ ਅਸੀਂ ਇਕੱਠੇ ਕੋਸ਼ਿਸ਼ ਕਰਾਂਗੇ।
ਕੇਂਦਰ ਸ਼ਾਸਤ ਪ੍ਰਦੇਸ਼ ਵਿਚ 15 ਸਤੰਬਰ ਤੋਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਸੂਚੀਆਂ ਵਿਚੋਂ ਕੁਝ ਵਿਅਕਤੀਆਂ ਦੇ ਨਾਮ ਮਿਟਾਉਣ, ਸੂਚੀ ਵਿਚ ਸੁਧਾਰ ਕਰਨ ਲਈ ਬੈਲਟ ਸੂਚੀ ਦੀ ਵਿਸ਼ੇਸ਼ ਸੰਖੇਪ ਸੋਧ ਸ਼ੁਰੂ ਕੀਤੀ ਗਈ ਸੀ। ਕਈ ਸਿਆਸੀ ਪਾਰਟੀਆਂ ਨੇ ਵੋਟਰ ਸੂਚੀਆਂ ਵਿਚ "ਗੈਰ-ਸਥਾਨਕ" ਲੋਕਾਂ ਨੂੰ ਸ਼ਾਮਲ ਕਰਨ 'ਤੇ ਚਿੰਤਾ ਪ੍ਰਗਟਾਈ ਹੈ। ਨੈਸ਼ਨਲ ਕਾਨਫਰੰਸ ਨੇ ਕਿਹਾ ਕਿ ਭਾਜਪਾ ਚੋਣਾਂ ਤੋਂ ਡਰੀ ਹੋਈ ਹੈ ਅਤੇ ਜਾਣਦੀ ਹੈ ਕਿ ਉਸ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ।