ਉਹ ਜਾਮਨਗਰ ਸ਼ਾਹੀ ਪਰਵਾਰ ਨਾਲ ਸਬੰਧਤ ਹਨ
Ajay Jadeja News : ਗੁਜਰਾਤ ’ਚ ਜਾਮਨਗਰ ਦੇ ਨਾਂ ਨਾਲ ਮਸ਼ਹੂਰ ਤਤਕਾਲੀ ਨਵਾਨਗਰ ਰਿਆਸਤ ਦੇ ਮਹਾਰਾਜਾ ਨੇ ਸਨਿਚਰਵਾਰ ਨੂੰ ਦੁਸਹਿਰੇ ਦੇ ਮੌਕੇ ’ਤੇ ਅਪਣੇ ਭਤੀਜੇ ਅਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਅਪਣਾ ਉੱਤਰਾਧਿਕਾਰੀ ਐਲਾਨਿਆ।
53 ਸਾਲ ਦੇ ਜਡੇਜਾ ਨੇ 1992 ਤੋਂ 2000 ਦਰਮਿਆਨ ਭਾਰਤ ਲਈ 196 ਵਨਡੇ ਅਤੇ 15 ਟੈਸਟ ਮੈਚ ਖੇਡੇ। ਉਹ ਜਾਮਨਗਰ ਸ਼ਾਹੀ ਪਰਵਾਰ ਨਾਲ ਸਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਾਲਿਆਸਿੰਘਜੀ ਜਡੇਜਾ ਕ੍ਰਿਕਟਰ ਦੇ ਪਿਤਾ ਦੌਲਤ ਸਿੰਘਜੀ ਜਡੇਜਾ ਦੇ ਚਚੇਰੇ ਭਰਾ ਹਨ। ਦੌਲਤ ਸਿੰਘ ਜਡੇਜਾ 1971 ਤੋਂ 1984 ਤਕ ਜਾਮਨਗਰ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ।
ਸ਼ਤਰੂਸ਼ਲਿਆਸਿੰਘ ਜਡੇਜਾ ਨੇ ਇਕ ਬਿਆਨ ’ਚ ਐਲਾਨ ਕੀਤਾ, ‘‘ਅੱਜ ਦੁਸਹਿਰੇ ’ਤੇ, ਮੈਂ ਖੁਸ਼ ਹਾਂ, ਕਿਉਂਕਿ ਮੇਰੀ ਇਕ ਦੁਬਿਧਾ ਅਜੇ ਜਡੇਜਾ ਦੀ ਬਦੌਲਤ ਹੱਲ ਹੋ ਗਈ ਹੈ, ਜਿਸ ਨੇ ਮੇਰਾ ਉੱਤਰਾਧਿਕਾਰੀ ਬਣਨਾ ਮਨਜ਼ੂਰ ਕਰ ਲਿਆ ਹੈ।’’
ਉਨ੍ਹਾਂ ਕਿਹਾ, ‘‘ਅਜੇ ਜਡੇਜਾ ਦਾ ਜਾਮਨਗਰ ਦੇ ਲੋਕਾਂ ਦੀ ਸੇਵਾ ਦੀ ਜ਼ਿੰਮੇਵਾਰੀ ਲੈਣਾ ਇੱਥੋਂ ਦੇ ਲੋਕਾਂ ਲਈ ਵਰਦਾਨ ਹੈ। ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।’’
ਮਹਾਰਾਜਾ ਸ਼ਤਰੂਸ਼ਾਲਿਆਸਿੰਘ ਜੀ ਵੀ ਇਕ ਕ੍ਰਿਕੇਟਰ ਸਨ ਜਿਨ੍ਹਾਂ ਨੇ 1966-67 ’ਚ ਰਣਜੀ ਟਰਾਫੀ ’ਚ ਸੌਰਾਸ਼ਟਰ ਦੀ ਕਪਤਾਨੀ ਕੀਤੀ ਅਤੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਮੁਖੀ ਵਜੋਂ ਸੇਵਾ ਨਿਭਾਈ।
ਅਪਣੇ ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਨੂੰ 3 ਫ਼ਰਵਰੀ 1966 ਨੂੰ ਨਵਾਨਗਰ ਦਾ ਮੁਖੀ ਬਣਾਇਆ ਗਿਆ ਅਤੇ ਨੇਪਾਲ ਸ਼ਾਹੀ ਪਰਵਾਰ ਦੀ ਇਕ ਮੈਂਬਰ ਨਾਲ ਵਿਆਹ ਕਰਵਾ ਲਿਆ, ਜਿਸ ਨੂੰ ਬਾਅਦ ’ਚ ਉਨ੍ਹਾਂ ਨੇ ਤਲਾਕ ਦੇ ਦਿਤਾ। ਇਹ ਪਰਵਾਰ ਮਹਾਨ ਕ੍ਰਿਕੇਟਰ ਰਣਜੀਤ ਸਿੰਘ ਜਡੇਜਾ ਦਾ ਉੱਤਰਾਧਿਕਾਰੀ ਹੈ, ਜਿਨ੍ਹਾਂ ਨੇ 1907 ਤੋਂ 1933 ਤਕ ਨਵਾਂਨਗਰ ’ਤੇ ਰਾਜ ਕੀਤਾ ਸੀ।