ਕਿਹਾ, ਦੇਸ਼ ਦੇ ਸੰਕਲਪ ਦਾ ਇਮਤਿਹਾਨ ਲੈ ਰਹੀਆਂ ਨੇ ਮਾਇਆਵੀ ਸਾਜ਼ਸ਼ਾਂ
Mohan Bhagwat News : ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸਨਿਚਰਵਾਰ ਨੂੰ ਕਿਹਾ ਕਿ ਪਿਛਲੇ ਕੁੱਝ ਸਾਲਾਂ ’ਚ ਭਾਰਤ ਮਜ਼ਬੂਤ ਹੋਇਆ ਹੈ ਅਤੇ ਦੁਨੀਆਂ ’ਚ ਇਸ ਦਾ ਕੱਦ ਵੀ ਵਧਿਆ ਹੈ ਪਰ ‘ਮਾਇਆਵੀ ਸਾਜ਼ਸ਼ਾਂ’ ਦੇਸ਼ ਦੇ ਸੰਕਲਪ ਦਾ ਇਮਤਿਹਾਨ ਲੈ ਰਹੀਆਂ ਹਨ।
ਬੰਗਲਾਦੇਸ਼ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਭਾਗਵਤ ਨੇ ਕਿਹਾ ਕਿ ਬੰਗਲਾਦੇਸ਼ ਵਿਚ ਇਕ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਭਾਰਤ ਇਕ ਖਤਰਾ ਹੈ ਅਤੇ ਉਨ੍ਹਾਂ ਨੂੰ ਅਪਣੇ ਬਚਾਅ ਲਈ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਿਅਕਤੀਗਤ ਅਤੇ ਕੌਮੀ ਚਰਿੱਤਰ ਦੀ ਦ੍ਰਿੜਤਾ ਧਰਮ ਦੀ ਜਿੱਤ ਲਈ ਤਾਕਤ ਦਾ ਅਧਾਰ ਬਣਦੀ ਹੈ, ਚਾਹੇ ਸਥਿਤੀ ਅਨੁਕੂਲ ਹੋਵੇ ਜਾਂ ਨਾ। ਉਹ ਨਾਗਪੁਰ ’ਚ ਰਾਸ਼ਟਰੀ ਸਵੈਸੇਵਕ ਸੰਘ ਦੀ ਸਾਲਾਨਾ ਵਿਜੇ ਦਸ਼ਮੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, ‘‘ਹਰ ਕੋਈ ਮਹਿਸੂਸ ਕਰਦਾ ਹੈ ਕਿ ਪਿਛਲੇ ਕੁੱਝ ਸਾਲਾਂ ’ਚ ਭਾਰਤ ਮਜ਼ਬੂਤ ਹੋਇਆ ਹੈ ਅਤੇ ਵਿਸ਼ਵ ’ਚ ਇਸ ਦਾ ਕੱਦ ਵੀ ਵਧਿਆ ਹੈ। ਇਕ ਰਾਸ਼ਟਰ ਲੋਕਾਂ ਦੇ ਕੌਮੀ ਚਰਿੱਤਰ ਨਾਲ ਮਹਾਨ ਬਣਦਾ ਹੈ। ਇਹ ਸਾਲ ਮਹੱਤਵਪੂਰਨ ਹੈ ਕਿਉਂਕਿ ਸੰਘ ਨੇ ਅਪਣੇ ਸ਼ਤਾਬਦੀ ਵਰ੍ਹੇ ’ਚ ਕਦਮ ਰੱਖਿਆ ਹੈ।’’
ਭਾਗਵਤ ਨੇ ਕਿਹਾ ਕਿ ਭਾਰਤ ’ਚ ਉਮੀਦਾਂ ਅਤੇ ਇੱਛਾਵਾਂ ਤੋਂ ਇਲਾਵਾ ਚੁਨੌਤੀਆਂ ਅਤੇ ਸਮੱਸਿਆਵਾਂ ਵੀ ਹਨ। ਉਨ੍ਹਾਂ ਕਿਹਾ ਕਿ ਪਛਮੀ ਏਸ਼ੀਆ ’ਚ ਇਜ਼ਰਾਈਲ ਨਾਲ ਹਮਾਸ ਦਾ ਸੰਘਰਸ਼ ਹੁਣ ਕਿੱਥੇ ਤਕ ਫੈਲੇਗਾ, ਇਸ ਦੀ ਚਿੰਤਾ ਸਾਰਿਆਂ ਦੇ ਸਾਹਮਣੇ ਹੈ।
ਭਾਗਵਤ ਨੇ ਇਸ ਗੱਲ ’ਤੇ ਵੀ ਸੰਤੁਸ਼ਟੀ ਜ਼ਾਹਰ ਕੀਤੀ ਕਿ ਜੰਮੂ-ਕਸ਼ਮੀਰ ’ਚ ਹਾਲ ਹੀ ’ਚ ਹੋਈਆਂ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋਈਆਂ।
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਯੁਵਾ ਸ਼ਕਤੀ, ਮਾਂ ਸ਼ਕਤੀ, ਉੱਦਮੀ, ਕਿਸਾਨ, ਮਜ਼ਦੂਰ, ਨੌਜੁਆਨ, ਪ੍ਰਸ਼ਾਸਨ, ਸਰਕਾਰ ਸਾਰੇ ਅਪਣੇ ਕੰਮ ਪ੍ਰਤੀ ਵਚਨਬੱਧ ਰਹਿਣਗੇ।
ਭਾਗਵਤ ਨੇ ਕਿਹਾ, ‘‘ਗੁਆਂਢੀ ਦੇਸ਼ ਬੰਗਲਾਦੇਸ਼ ਵਿਚ, ਜੋ ਹਾਲ ਹੀ ਵਿਚ ਵੱਡੀ ਸਿਆਸੀ ਉਥਲ-ਪੁਥਲ ਵਿਚ ਰਿਹਾ ਹੈ, ਇਹ ਪ੍ਰਭਾਵ ਫੈਲਾਇਆ ਜਾ ਰਿਹਾ ਹੈ ਕਿ ਭਾਰਤ ਇਕ ਖਤਰਾ ਹੈ ਅਤੇ ਉਨ੍ਹਾਂ ਨੂੰ ਭਾਰਤ ਵਿਰੁਧ ਅਪਣੀ ਰੱਖਿਆ ਲਈ ਪਾਕਿਸਤਾਨ ਨਾਲ ਹੱਥ ਮਿਲਾਉਣਾ ਚਾਹੀਦਾ ਹੈ। ਅਜਿਹੀ ਸੋਚ ਕੌਣ ਫੈਲਾ ਰਿਹਾ ਹੈ।’’
ਆਰ.ਐਸ.ਐਸ. ਮੁਖੀ ਨੇ ਕਿਹਾ ਕਿ ਜਦੋਂ ਤਕ ਬੰਗਲਾਦੇਸ਼ ’ਚ ਕੱਟੜਪੰਥੀ ਸੁਭਾਅ ਮੌਜੂਦ ਹੈ, ਉਦੋਂ ਤਕ ਹਿੰਦੂਆਂ ਸਮੇਤ ਸਾਰੇ ਘੱਟ ਗਿਣਤੀ ਭਾਈਚਾਰਿਆਂ ਦੇ ਸਿਰਾਂ ’ਤੇ ਖਤਰੇ ਦੀ ਤਲਵਾਰ ਲਟਕਦੀ ਰਹੇਗੀ। ਉਨ੍ਹਾਂ ਕਿਹਾ, ‘‘ਇਸ ਲਈ ਬੰਗਲਾਦੇਸ਼ ਤੋਂ ਭਾਰਤ ਦੀ ਘੁਸਪੈਠ ਅਤੇ ਇਸ ਦੇ ਨਤੀਜੇ ਵਜੋਂ ਆਬਾਦੀ ਦਾ ਅਸੰਤੁਲਨ ਆਮ ਲੋਕਾਂ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ।’’
ਉਨ੍ਹਾਂ ਕਿਹਾ, ‘‘ਅਸੰਗਠਤ ਅਤੇ ਕਮਜ਼ੋਰ ਰਹਿਣਾ ਦੁਸ਼ਟਾਂ ਦੇ ਅੱਤਿਆਚਾਰਾਂ ਦਾ ਸੱਦਾ ਹੈ, ਇਸ ਸਬਕ ਨੂੰ ਦੁਨੀਆਂ ਭਰ ਦੇ ਹਿੰਦੂ ਸਮਾਜ ਨੂੰ ਵੀ ਅਪਣਾਉਣਾ ਚਾਹੀਦਾ ਹੈ।’’ ਭਾਗਵਤ ਨੇ ਕਿਹਾ ਕਿ ਸਰਕਾਰ ਨੂੰ ਕੰਟਰੋਲ ਕਰਨ ਵਾਲੀਆਂ ਅਸਿੱਧੀਆਂ ਤਾਕਤਾਂ (ਡੀਪ ਸਟੇਟ) ਅਤੇ ‘ਸਭਿਆਚਾਰਕ ਮਾਰਕਸਵਾਦੀ’ ਸਾਰੀਆਂ ਸਭਿਆਚਾਰਕ ਪਰੰਪਰਾਵਾਂ ਦੇ ਐਲਾਨਸ਼ੁਦਾ ਦੁਸ਼ਮਣ ਹਨ।