ਦੇਸ਼ ਭਰ ਵਿੱਚ ਧਮਾਕਿਆਂ ਦੀ ਬਣਾਈ ਸੀ ਯੋਜਨਾ, ਸ਼ਾਹੀਨ ਅਤੇ ਉਸ ਦੇ ਸਾਥੀ ਡਾਕਟਰ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ
Dr. Shaheen Shahid was collecting explosives for 2 years News: ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ 10 ਨਵੰਬਰ ਨੂੰ ਹੋਏ ਕਾਰ ਧਮਾਕੇ ਦੇ ਮਾਮਲੇ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਫਰੀਦਾਬਾਦ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਮਾਡਿਊਲ ਵਿਚ ਸ਼ਾਮਲ ਡਾ. ਸ਼ਾਹੀਨ ਸ਼ਾਹਿਦ ਨੇ ਕਬੂਲ ਕੀਤਾ ਹੈ ਕਿ ਉਹ ਆਪਣੇ ਸਾਥੀ ਅੱਤਵਾਦੀ ਡਾਕਟਰਾਂ ਨਾਲ ਮਿਲ ਕੇ ਦੇਸ਼ ਭਰ ਵਿੱਚ ਹਮਲਿਆਂ ਦੀ ਸਾਜ਼ਿਸ਼ ਰਚ ਰਹੀ ਸੀ।
ਪੁਲਿਸ ਸੂਤਰਾਂ ਅਨੁਸਾਰ, ਸ਼ਾਹੀਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਵਿਸਫੋਟਕ ਇਕੱਠਾ ਕਰ ਰਹੀ ਸੀ। ਸ਼ਾਹੀਨ ਅਤੇ ਉਸ ਦੇ ਸਾਥੀ ਫਰੀਦਾਬਾਦ ਸਥਿਤ ਇੱਕ ਵ੍ਹਾਈਟ-ਕਾਲਰ ਅੱਤਵਾਦੀ ਮਾਡਿਊਲ ਨਾਲ ਜੁੜੇ ਹੋਏ ਸਨ, ਇਹ ਮਾਡਿਊਲ ਜੈਸ਼-ਏ-ਮੁਹੰਮਦ ਅਤੇ ਅੰਸਾਰ ਗਜ਼ਵਤ-ਉਲ-ਹਿੰਦ ਨਾਲ ਜੁੜਿਆ ਹੋਇਆ ਹੈ ਅਤੇ ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਤੋਂ ਕੰਮ ਕਰ ਰਹੇ ਸਨ।
ਜੰਮੂ-ਕਸ਼ਮੀਰ ਪੁਲਿਸ ਨੇ ਬੁੱਧਵਾਰ ਨੂੰ ਇਸ ਮਾਡਿਊਲ ਦੇ ਸਬੰਧ ਵਿੱਚ ਹਰਿਆਣਾ ਦੇ ਮੇਵਾਤ ਤੋਂ ਇਸ਼ਤਿਆਕ ਨਾਮਕ ਇੱਕ ਮੌਲਵੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਸ਼੍ਰੀਨਗਰ ਲਿਆਂਦਾ ਗਿਆ ਹੈ। ਉਹ ਅਲ ਫਲਾਹ ਯੂਨੀਵਰਸਿਟੀ ਕੈਂਪਸ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਉਸ ਦੇ ਘਰ ਤੋਂ 2,500 ਕਿਲੋਗ੍ਰਾਮ ਤੋਂ ਵੱਧ ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ ਅਤੇ ਸਲਫਰ ਬਰਾਮਦ ਕੀਤੇ ਗਏ ਸਨ।
ਮੰਗਲਵਾਰ ਰਾਤ ਨੂੰ ਕਸ਼ਮੀਰ ਵਿੱਚ ਇੱਕ ਹੋਰ ਡਾਕਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਸਦੀ ਪਛਾਣ ਡਾਕਟਰ ਤਜਾਮੁਲ ਵਜੋਂ ਹੋਈ ਹੈ। ਉਹ ਸ਼੍ਰੀਨਗਰ ਦੇ ਐਸਐਮਐਚਐਸ ਹਸਪਤਾਲ ਵਿੱਚ ਕੰਮ ਕਰਦਾ ਹੈ। ਇਹ ਕਸ਼ਮੀਰ ਦਾ ਪੰਜਵਾਂ ਡਾਕਟਰ ਹੈ ਜਿਸ ਨੂੰ ਧਮਾਕਿਆਂ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਤੱਕ ਦਸ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
