
ਭਾਰਤ 2022 ਦੇ ਅਖੀਰ ਤੱਕ ਗਗਨਯਾਨ ਤੋਂ ਪਹਿਲਾਂ ਪੁਲਾੜ ਵਿਚ ਪਹਿਲੇ ਦੋ ਮਨੁੱਖ ਰਹਿਤ ਮਿਸ਼ਨ ਭੇਜੇਗਾ
ਨਵੀਂ ਦਿੱਲੀ: ਭਾਰਤ 2022 ਦੇ ਅਖੀਰ ਤੱਕ ਗਗਨਯਾਨ ਤੋਂ ਪਹਿਲਾਂ ਪੁਲਾੜ ਵਿਚ ਪਹਿਲੇ ਦੋ ਮਨੁੱਖ ਰਹਿਤ ਮਿਸ਼ਨ ਭੇਜੇਗਾ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਦਿੱਤੀ। ਉਹਨਾਂ ਕਿਹਾ, ਭਾਰਤ ਦੀ ਯੋਜਨਾ 2030 ਤੱਕ ਇੱਕ ਸਪੇਸ ਸਟੇਸ਼ਨ ਸਥਾਪਤ ਕਰਨ ਦੀ ਹੈ, ਜੋ ਅਪਣੇ ਆਪ ਵਿਚ ਇਕ ਅਨੋਖਾ ਸਟੇਸ਼ਨ ਹੋਵੇਗਾ।
Space Station
ਕੇਂਦਰੀ ਮੰਤਰੀ ਨੇ ਕਿਹਾ ਕਿ ਮਨੁੱਖ ਰਹਿਤ ਮਿਸ਼ਨ ਪੂਰੀ ਤਰ੍ਹਾਂ ਰੋਬੋਟਿਕ ਹੋਣਗੇ। ਇਹਨਾਂ ਵਿਚੋਂ ਇੱਕ ਅਗਲੇ ਸਾਲ ਦੀ ਸ਼ੁਰੂਆਤ ਤੱਕ ਅਤੇ ਦੂਜਾ ਸਾਲ ਦੇ ਅਖੀਰ ਤੱਕ ਭੇਜਿਆ ਜਾਵੇਗਾ। ਜਤਿੰਦਰ ਸਿੰਘ ਨੇ ਕਿਹਾ ਕਿ ਗਗਨਯਾਨ ਦੀ ਸਫਲਤਾ ਨਾਲ ਭਾਰਤ ਪੁਲਾੜ ਖੇਤਰ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਵਿਚੋਂ ਇੱਕ ਬਣ ਜਾਵੇਗਾ।
Gaganyaan
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ, ਗਗਨਯਾਨ ਦੇ ਨਾਲ ਹੀ ਸ਼ੁੱਕਰ ਮਿਸ਼ਨ, ਸੋਲਰ ਮਿਸ਼ਨ (ਆਦਿਤਿਆ) ਅਤੇ ਚੰਦਰਯਾਨ ਲਈ ਕੰਮ ਚੱਲ ਰਿਹਾ ਹੈ। ਕੋਵਿਡ ਮਹਾਮਾਰੀ ਕਾਰਨ ਵੱਖ-ਵੱਖ ਮਿਸ਼ਨਾਂ 'ਚ ਦੇਰੀ ਹੋਈ ਸੀ ਪਰ ਹੁਣ ਇਸ ਦੀਆਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਹੋ ਗਈਆਂ ਹਨ ਅਤੇ ਚੰਦਰਯਾਨ ਨੂੰ ਅਗਲੇ ਸਾਲ ਭੇਜਣ ਦੀ ਯੋਜਨਾ ਹੈ।
Space
ਮੰਤਰੀ ਨੇ ਇਹ ਵੀ ਕਿਹਾ ਕਿ ਗਗਨਯਾਨ ਮਿਸ਼ਨ ਰਾਹੀਂ ਕੋਈ ਵੀ ਵਿਅਕਤੀ ਧਰਤੀ ਦੀ ਹੇਠਲੀ ਸ਼੍ਰੇਣੀ ਤੱਕ ਜਾ ਸਕੇਗਾ। ਇਸ ਮਿਸ਼ਨ ਲਈ 500 ਤੋਂ ਵੱਧ ਅਦਾਰੇ ਸ਼ਾਮਲ ਹਨ। ਇਸ ਦੇ ਲਈ ਕਈ ਰਿਸਰਚ ਮਾਡਿਊਲ ਬਣਾਏ ਗਏ ਹਨ, ਇਹਨਾਂ ਵਿਚ ਭਾਰਤ ਵਿਚ ਬਣੇ ਖੋਜ ਮਾਡਿਊਲ ਵੀ ਸ਼ਾਮਲ ਹਨ।