
ਕਾਂਗਰਸ ਨੇ ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਸੁਪਰੀਮ ਕੋਰਟ ਦੇ ਸਾਬਕਾਂ ਜੱਜ ਏ. ਕੇ. ਪਟਨਾਇਕ........
ਨਵੀਂ ਦਿੱਲੀ : ਕਾਂਗਰਸ ਨੇ ਸੀ. ਬੀ. ਆਈ. ਦੇ ਸਾਬਕਾ ਡਾਇਰੈਕਟਰ ਅਲੋਕ ਵਰਮਾ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਸੁਪਰੀਮ ਕੋਰਟ ਦੇ ਸਾਬਕਾਂ ਜੱਜ ਏ. ਕੇ. ਪਟਨਾਇਕ ਦੇ ਬਿਆਨ ਸਬੰਧੀ ਖ਼ਬਰਾਂ ਨੂੰ ਲੈ ਕੇ ਸਨਿਚਰਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾਂ ਸਾਧਿਆ ਅਤੇ ਕਿਹਾ ਕਿ ਵਰਮਾਂ ਨੂੰ ਦੁਬਾਰਾ ਅਹੁਦੇ 'ਤੇ ਨਿਯੁਕਤ ਕੀਤਾ ਜਾਏ ਅਤੇ ਫਿਰ ਉਚ ਪੱਧਰੀ ਕਮੇਟੀ ਉਨ੍ਹਾਂ ਵਿਰੁਧ ਦੋਸ਼ਾਂ ਦੀ ਜਾਂਚ ਕਰੇ। ਪਾਰਟੀ ਨੇ ਇਹ ਵੀ ਸਵਾਲ ਕੀਤਾ ਕਿ ਆਖਰ ਕੀ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਰਕਾਰ ਡਰੀ ਹੋਈ ਨਜ਼ਰ ਆ ਰਹੀ ਹੈ ?
ਕਾਂਗਰਸ ਬੁਲਾਰੇ ਅਭੀਸ਼ੇਕ ਮਨੂ ਸਿੰਧਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁਝ ਤਾਂ ਅਜਿਹਾ ਹੈ ਜਿਸ ਤੋਂ ਪ੍ਰਧਾਨ ਮੰਤਰੀ ਅਤੇ ਸਰਕਾਰ ਡਰੇ ਹੋਏ ਹਨ। ਇਸ ਰਾਜ਼ ਦਾ ਪਰਦਾਫ਼ਾਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, 'ਜਸਟਿਸ ਪਟਨਾਇਕ ਦਾ ਬਿਆਨ ਹੁਣ ਸਭ ਦੇ ਸਾਹਮਣੇ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸੀ.ਵੀ.ਸੀ. ਦੀ ਰੀਪੋਰਟ ਝੂਠ ਹੈ। ਇਸ ਝੂਠੀ ਰਿਪੋਰਟ ਦੇ ਆਧਾਰ 'ਤੇ ਅਲੋਕ ਵਰਮਾਂ ਨੂੰ ਹਟਾ ਦਿਤਾ ਗਿਆ।' ਸਿੰਧਵੀ ਨੇ ਕਿਹਾ, 'ਸਾਡੀ ਮੰਗ ਹੈ ਕਿ ਉੱਚ ਪੱਧਰੀ ਕਮੇਟੀ ਦੀ ਬੈਠਕ ਫਿਰ ਸੱਦੀ ਜਾਵੇ ਅਤੇ ਅਲੋਕ ਵਰਮਾਂ ਨੂੰ ਦੁਬਾਰਾ ਨਿਯੁਕਤ ਕੀਤਾ ਜਾਵੇ। ਵਰਮਾਂ 'ਤੇ ਲੱਗੇ ਦੋਸ਼ਾਂ ਦੀ ਜਾਂਚ ਉੱਚ ਪੱਧਰੀ ਕਮੇਟੀ ਕਰੇ।'
ਉਨ੍ਹਾਂ ਇਸ ਮਾਮਲੇ ਨੂੰ ਗੰਭੀਰ ਅਤੇ ਮਹੱਤਵਪੂਰਨ ਦਸਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਲੋਕ ਗੱਲਾਂ ਵਿਚ ਘੁਮਾਉਣ 'ਚ ਮਾਹਰ ਹਨ ਅਤੇ ਉਹ ਇਸ ਮਾਮਲੇ ਵਿਚ ਵੀ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਸੀਬੀਆਈ ਡਾਇਰੈਕਟਰ ਦੇ ਅਹੁਦੇ 'ਤੇ ਵਰਮਾਂ ਦਾ ਦੋ ਸਾਲ ਦਾ ਕਾਰਜਕਾਲ ਆਉਣ ਵਾਲੀ 31 ਜਨਵਰੀ ਨੂੰ ਪੂਰਾ ਹੋਣ ਵਾਲਾ ਸੀ ਪਰ ਇਸ ਦੇ 21 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ,
ਲੋਕ ਸਭਾ 'ਚ ਕਾਂਗਰਸ ਨੇਤਾ ਮਲਿਕਾਰਜੁਨ ਖ਼ੜਗੇ ਅਤੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਏ. ਕੇ. ਸੀਕਰੀ ਦੇ ਬੈਂਚ ਨੇ 2-1 ਦੇ ਬਹੁਮਤ ਨਾਲ ਵਰਮਾਂ ਨੂੰ ਸੀ. ਬੀ. ਆਈ. ਮੁਖੀ ਦੇ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ। ਮੋਦੀ ਅਤੇ ਜਸਟਿਸ ਸੀਕਰੀ, ਵਰਮਾਂ ਨੂੰ ਸੀ. ਬੀ. ਆਈ. ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਦੇ ਪੱਖ ਵਿਚ ਸਨ ਜਦਕਿ ਖ਼ੜਗੇ ਨੇ ਇਸ ਦਾ ਵਿਰੋਧ ਕੀਤਾ ਸੀ। (ਪੀਟੀਆਈ)