
ਇੰਸਰੋ ਵਲੋਂ 17 ਜਨਵਰੀ ਨੂੰ ਲਾਚ ਕੀਤਾ ਜਾਵੇਗਾ ਸੈਟੇਲਾਈਟ
ਨਵੀਂ ਦਿੱਲੀ : ਆਉਣ ਵਾਲੇ ਦਿਨਾਂ 'ਚ ਦੇਸ਼ ਦੀ ਸੰਚਾਰ ਵਿਵਸਥਾ ਨੂੰ ਹੋਰ ਮਜਬੂਤੀ ਮਿਲਣ ਜਾ ਰਹੀ ਹੈ। ਇਸੇ ਤਹਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸਰੋ ਵਲੋਂ 17 ਜਨਵਰੀ 2020 ਨੂੰ ਦੇਸ਼ ਦਾ ਸਭ ਤੋਂ ਤਾਕਤਵਰ ਸੰਚਾਰ ਸੈਟੇਲਾਈਟ ਜੀਐਸਏਟੀ30 ਲਾਚ ਕੀਤਾ ਜਾ ਰਿਹਾ ਹੈ। ਇਸ ਦੀ ਲਾਚਿੰਗ ਤੋਂ ਬਾਅਦ ਦੇਸ਼ ਵਿਚ ਨਵੀਂ ਇੰਟਰਨੈੱਟ ਤਕਨਾਲੋਜੀ ਲਿਆਏ ਜਾਣਾ ਤੈਅ ਮੰਨਿਆ ਜਾ ਰਿਹਾ ਹੈ।
Photo
ਇਸਰੋ ਦਾ ਇਹ ਸੈਟੇਲਾਈਟ ਯੂਰਪੀਅਨ ਹੈਵੀ ਰਾਕੇਟ ਏਰੀਅਨ-5 ਤੋਂ 17 ਜਨਵਰੀ ਨੂੰ ਸਵੇਰੇ 2:35 'ਤੇ ਲਾਂਚ ਕੀਤਾ ਜਾਵੇਗਾ। 3100 ਕਿਲੋਗਰਾਮ ਵਜ਼ਨੀ ਇਹ ਸੈਟੇਲਾਈਟ ਇਨਸੈੱਟ ਸੈਟੇਲਾਈਟ ਦੀ ਥਾਂ ਲਵੇਗਾ। ਇਸ ਨੂੰ ਫਰੈਂਚ ਗੁਆਨਾ ਦੇ ਕੋਰੋਊ ਲਾਂਚ ਬੇਸ ਤੋਂ ਲਾਂਚ ਕੀਤਾ ਜਾ ਰਿਹਾ ਹੈ।
Photo
ਜਾਣਕਾਰੀ ਅਨੁਸਾਰ ਬੇਹੱਦ ਤਾਕਤਵਰ ਇਸ ਸੈਟੇਲਾਈਟ ਦੀ ਮਦਦ ਨਾਲ ਦੇਸ਼ ਦੀ ਸੰਚਾਰ ਪ੍ਰਣਾਲੀ ਨੂੰ ਹੋਰ ਗਤੀ ਮਿਲਣ ਦੀ ਸੰਭਾਵਨਾ ਹੈ। ਅਜੇ ਤਕ ਇਸ ਸੀਰੀਜ਼ ਦੇ 14 ਸੈਟੇਲਾਈਟ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਬਦੌਲਤ ਹੀ ਦੇਸ਼ ਅੰਦਰ ਸੰਚਾਰ ਵਿਵਸਥਾ ਕਾਇਮ ਹੈ।
Photo
ਇਹ ਸੈਟੇਲਾਈਟ 15 ਸਾਲ ਤਕ ਭਾਰਤ ਲਈ ਕੰਮ ਕਰੇਗਾ। ਇਸ ਵਿਚ ਦੋ ਸੋਲਰ ਪੈਨਲ ਅਤੇ ਬੈਟਰੀ ਹੋਵੇਗੀ ਜੋ ਇਸ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨਗੇ। ਇਸਰੋ ਨੇ ਇਸ ਸਬੰਧੀ ਅਪਣੇ ਅਫ਼ੀਸ਼ੀਅਲ ਅਕਾਊਂਟ ਤੋਂ ਜਾਣਕਾਰੀ ਸਾਂਝੀ ਕੀਤੀ ਹੈ।
Photo
ਦੱਸ ਦਈਏ ਕਿ ਦੇਸ਼ ਦੀ ਪੁਰਾਣੀ ਸੰਚਾਰ ਸੈਟੇਲਾਈਟ ਇਨਸੈੱਟ ਸੈਟੇਲਾਈਟ ਦੀ ਉਮਰ ਹੁਣ ਪੂਰੀ ਹੋਣ ਕਿਨਾਰੇ ਹੈ। ਦੇਸ਼ ਅੰਦਰ ਇੰਟਰਨੈੱਟ ਦੀ ਨਵੀਂ ਤਕਨਾਲੋਜੀ ਆਉਣ ਵਾਲੀ ਹੈ। 5ਜੀ ਤਕਨੀਕ 'ਤੇ ਕੰਮ ਵੀ ਚੱਲ ਰਿਹਾ ਹੈ। ਇਸ ਕਾਰਨ ਜ਼ਿਆਦਾ ਤਾਕਤਵਰ ਸੈਟੇਲਾਈਟ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਸੀ।
Photo
ਲਾਂਚ ਹੋਣ ਜਾ ਰਿਹਾ ਸੈਟੇਲਾਈਟ ਦੇਸ਼ ਦੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ 'ਚ ਸਹਾਈ ਹੋਵੇਗਾ। ਦੇਸ਼ ਦੀ ਸੰਚਾਰ ਪ੍ਰਣਾਲੀ, ਟੈਲੀਵਿਜ਼ਨ ਪ੍ਰਸਾਰਣ, ਸੈਟੇਲਾਈਟ ਜ਼ਰੀਏ ਸਮਾਚਾਰ ਪ੍ਰਬੰਧਨ, ਮੌਸਮ ਸਬੰਧੀ ਜਾਣਕਾਰੀ ਅਤੇ ਭਵਿੱਖਬਾਣੀ, ਕਿਸੇ ਕੁਦਰਤੀ ਆਫਤ ਸਬੰਧੀ ਪਹਿਲਾਂ ਤੋਂ ਜਾਣਕਾਰੀ ਅਤੇ ਖੋਜ ਕਾਰਜ ਅਤੇ ਬਚਾਅ ਕਾਰਜਾਂ 'ਚ ਵਾਧਾ ਹੋਵੇਗਾ।