
ਹਾਲ ਹੀ ਵਿਚ ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਸੀ ਅਰਵਿੰਦ ਮਾਇਆਰਾਮ
ਨਵੀਂ ਦਿੱਲੀ: ਸੀਬੀਆਈ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਲਾਹਕਾਰ ਅਤੇ ਸਾਬਕਾ ਵਿੱਤ ਸਕੱਤਰ ਅਰਵਿੰਦ ਮਾਇਆਰਾਮ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਸੀਬੀਆਈ ਦੀਆਂ ਟੀਮਾਂ ਵੱਲੋਂ ਇਹ ਛਾਪੇ ਦਿੱਲੀ ਅਤੇ ਜੈਪੁਰ ਵਿਚ ਮਾਰੇ ਗਏ ਹਨ। ਸੀਬੀਆਈ ਨੇ ਅਰਵਿੰਦ ਮਾਇਆਰਾਮ ਖ਼ਿਲਾਫ਼ ਡਾ. ਮਨਮੋਹਨ ਸਿੰਘ ਸਰਕਾਰ ਵਿਚ ਕੇਂਦਰੀ ਵਿੱਤ ਸਕੱਤਰ ਰਹਿੰਦਿਆਂ ਨੋਟ ਛਾਪਣ ਦੇ ਟੈਂਡਰ ਵਿਚ ਘੁਟਾਲੇ ਦਾ ਕੇਸ ਦਰਜ ਕੀਤਾ ਸੀ।
ਜਾਣਕਾਰੀ ਅਨੁਸਾਰ ਉਸ ਸਮੇਂ 1688 ਕਰੋੜ ਰੁਪਏ ਦੇ ਕਰੰਸੀ ਪ੍ਰਿੰਟਿੰਗ ਘੁਟਾਲੇ ਦਾ ਦੋਸ਼ ਸੀ। ਪਿਛਲੇ ਦਿਨੀਂ ਉਹਨਾਂ ਨੇ ਅਲਵਰ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿਚ ਵੀ ਹਿੱਸਾ ਲਿਆ ਸੀ। ਸੀਬੀਆਈ ਨੇ ਘੁਟਾਲੇ ਦੇ ਸਬੰਧ ਵਿਚ ਅਰਵਿੰਦ ਮਾਇਆਰਾਮ ਦੇ ਠਿਕਾਣਿਆਂ ਤੋਂ ਕਈ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਸੂਤਰਾਂ ਮੁਤਾਬਕ ਇਸ ਘਪਲੇ ਦੀ ਸ਼ਿਕਾਇਤ 2017 'ਚ ਹੋਈ ਸੀ। ਦਰਅਸਲ ਇਹ ਮਾਮਲਾ ਕਰੰਸੀ ਛਾਪਣ ਲਈ ਸਮੱਗਰੀ ਸਪਲਾਈ ਕਰਨ ਵਾਲੀ ਬਲੈਕਲਿਸਟਡ ਬ੍ਰਿਟਿਸ਼ ਕੰਪਨੀ (ਡੇਲਾਰਾਊ) ਨਾਲ ਸਬੰਧਤ ਹੈ। ਕੰਪਨੀ ਨੂੰ ਸਾਲ 2011 ਵਿਚ ਹੀ ਸਮੱਗਰੀ ਦੀ ਘਟੀਆ ਗੁਣਵੱਤਾ ਕਾਰਨ ਬਲੈਕਲਿਸਟ ਕਰ ਦਿੱਤਾ ਗਿਆ ਸੀ।
ਇਸ ਦੇ ਬਾਵਜੂਦ ਜਦੋਂ ਅਰਵਿੰਦ ਮਾਇਆਰਾਮ ਵਿੱਤ ਸਕੱਤਰ ਸਨ ਤਾਂ ਨੋਟਾਂ ਦੀ ਛਪਾਈ ਲਈ ਵਰਤੇ ਜਾਂਦੇ ਰੰਗੀਨ ਧਾਗੇ ਨੂੰ ਖਰੀਦਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਜਿਸ ਨਾਲ ਕੰਪਨੀ ਨੂੰ ਬਿਨਾਂ ਟੈਂਡਰ ਪ੍ਰਕਿਰਿਆ ਦੇ ਤਿੰਨ ਸਾਲ ਦਾ ਸਮਾਂ ਦਿੱਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਇਹ ਆਰਡਰ ਕਰੀਬ 1688 ਕਰੋੜ ਰੁਪਏ ਦਾ ਸੀ। ਇਹ ਖਰੀਦ 2012 ਵਿਚ ਹੋਈ ਸੀ ਜਦੋਂ ਕਿ ਕੰਪਨੀ ਪਹਿਲਾਂ ਹੀ ਬਲੈਕਲਿਸਟ ਵਿਚ ਸੀ। ਦੱਸਿਆ ਜਾਂਦਾ ਹੈ ਕਿ ਇਸ ਕੰਪਨੀ ਦੇ ਭਾਰਤੀ ਪ੍ਰਤੀਨਿਧੀ ਦਾ ਨਾਂ ਵੀ ਪਨਾਮਾ ਪੇਪਰਜ਼ ਲੀਕ ਨਾਲ ਜੁੜਿਆ ਸੀ। ਇਸ ਮਾਮਲੇ ਵਿਚ ਕੇਂਦਰ ਸਰਕਾਰ ਨੇ ਅਰਵਿੰਦ ਮਾਇਆਰਾਮ ਨੂੰ 2017 ਵਿਚ ਨੋਟਿਸ ਭੇਜਿਆ ਸੀ।
16 ਅਕਤੂਬਰ 2014 ਨੂੰ ਜਦੋਂ ਮੋਦੀ ਸਰਕਾਰ ਨੇ ਨੌਕਰਸ਼ਾਹੀ ਵਿਚ ਬਦਲਾਅ ਕੀਤਾ ਤਾਂ ਉਸ ਸੂਚੀ ਵਿਚ ਅਰਵਿੰਦ ਮਾਇਆਰਾਮ ਦਾ ਨਾਂ ਵੀ ਸੀ। ਉਸ ਨੂੰ ਵਿੱਤ ਤੋਂ ਹਟਾ ਕੇ ਸੈਰ-ਸਪਾਟਾ ਮੰਤਰਾਲੇ ਕੋਲ ਭੇਜ ਦਿੱਤਾ ਗਿਆ ਸੀ। ਮਾਇਆਰਾਮ ਅਜੇ ਇਸ ਅਹੁਦੇ 'ਤੇ ਜੁਆਇਨ ਵੀ ਨਹੀਂ ਹੋਏ ਸਨ ਕਿ 15 ਦਿਨਾਂ ਬਾਅਦ 30 ਅਕਤੂਬਰ ਨੂੰ ਉਹਨਾਂ ਦਾ ਤਬਾਦਲਾ ਘੱਟ ਗਿਣਤੀ ਵਿਭਾਗ 'ਚ ਕਰ ਦਿੱਤਾ ਗਿਆ। ਅਰਵਿੰਦ ਮਾਇਆਰਾਮ ਯੂਪੀਏ ਸਰਕਾਰ ਵਿਚ ਵਿੱਤ ਸਕੱਤਰ ਰਹਿ ਚੁੱਕੇ ਹਨ। ਮਾਇਆਰਾਮ ਗਹਿਲੋਤ ਦੇ ਕਰੀਬੀ ਅਫਸਰਾਂ ਵਿਚ ਗਿਣੇ ਜਾਂਦੇ ਹਨ। ਯੂਪੀਏ ਸਰਕਾਰ ਦੌਰਾਨ ਉਹ ਚਿਦੰਬਰਮ ਦੇ ਕਰੀਬੀ ਮੰਨੇ ਜਾਂਦੇ ਸਨ।