
ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ ਹੋਵੇਗਾ ਵੱਡਾ ਫ਼ਾਇਦਾ
PM Modi inaugurates Z-Morh tunnel Latest News in Punjabi : ਆਮ ਲੋਕਾਂ ਤੇ ਭਾਰਤੀ ਫ਼ੌਜ ਨੂੰ ਹੋਵੇਗਾ ਵੱਡਾ ਫ਼ਾਇਦਾ ਪ੍ਰਧਾਨ ਮੰਤਰੀ ਮੋਦੀ ਨੇ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਤੁਹਾਨੂੰ ਦਸ ਦੇਈਏ ਕਿ ਇਸ ਸੁਰੰਗ ਦੇ ਨਿਰਮਾਣ ਤੋਂ ਬਾਅਦ, ਲੱਦਾਖ ਆਉਣਾ-ਜਾਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ, ਇਹ ਸੁਰੰਗ ਭਾਰਤੀ ਫ਼ੌਜ ਲਈ ਬਹੁਤ ਫ਼ਾਇਦੇਮੰਦ ਸਾਬਤ ਹੋਣ ਜਾ ਰਹੀ ਹੈ। ਹੁਣ ਇਹ ਹਾਈਵੇਅ ਸਰਦੀਆਂ ਦੇ ਮੌਸਮ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਬੰਦ ਨਹੀਂ ਹੋਵੇਗਾ। ਇਸ ਦਾ ਮਤਲਬ ਹੈ ਕਿ ਸਾਡੀ ਫ਼ੌਜ ਸਾਲ ਭਰ ਇਸ ਸੁਰੰਗ ਦੀ ਵਰਤੋਂ ਕਰ ਕੇ ਸਰਹੱਦੀ ਇਲਾਕਿਆਂ ਤਕ ਪਹੁੰਚ ਸਕਦੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਸੁਰੰਗ ਨੂੰ Z ਮੋੜ ਸੁਰੰਗ ਕਿਹਾ ਜਾਂਦਾ ਹੈ ਕਿਉਂਕਿ ਇਹ ਅੰਗਰੇਜ਼ੀ ਅੱਖਰ Z ਵਰਗੀ ਹੈ। ਇਸ ਸੁਰੰਗ ਦੇ ਨਿਰਮਾਣ ਤੋਂ ਬਾਅਦ, 12 ਕਿਲੋਮੀਟਰ ਦੀ ਦੂਰੀ ਹੁਣ ਘੱਟ ਕੇ 6.5 ਕਿਲੋਮੀਟਰ ਰਹਿ ਗਈ ਹੈ ਅਤੇ ਇਸ ਦੂਰੀ ਨੂੰ ਪੂਰਾ ਕਰਨ ਵਿਚ ਸਿਰਫ਼ 15 ਮਿੰਟ ਲੱਗਣਗੇ। ਇਸ ਸੁਰੰਗ ਨੂੰ ਖੋਲ੍ਹਣ ਦਾ ਸੱਭ ਤੋਂ ਵੱਡਾ ਫ਼ਾਇਦਾ ਇਹ ਹੋਵੇਗਾ ਕਿ ਹੁਣ ਕਿਸੇ ਨੂੰ ਵੀ ਸਰਦੀਆਂ ਦੇ ਮੌਸਮ ਵਿਚ ਇੱਥੋਂ ਲੰਘਣ ਸਮੇਂ ਬਰਫ਼ ਦੇ ਤੋਦੇ ਡਿੱਗਣ ਕਾਰਨ ਘੰਟਿਆਂਬੱਧੀ ਹਾਈਵੇਅ 'ਤੇ ਫਸੇ ਰਹਿਣ ਦਾ ਡਰ ਨਹੀਂ ਹੋਵੇਗਾ।
ਤੁਹਾਨੂੰ ਦਸ ਦਈਏ ਕਿ ਜ਼ੋਜਿਲਾ ਸੁਰੰਗ ਦੇ ਪੂਰਾ ਹੋਣ ਤੋਂ ਬਾਅਦ, ਸ਼੍ਰੀਨਗਰ-ਲੇਹ ਰਸਤਾ ਸਾਲ ਭਰ ਖੁੱਲ੍ਹਾ ਰਹੇਗਾ। ਇਸ ਪ੍ਰਾਜੈਕਟ 'ਤੇ ਕੰਮ ਮਈ 2015 ਵਿਚ ਸ਼ੁਰੂ ਹੋਇਆ ਸੀ। ਸੁਰੰਗ ਦੀ ਉਸਾਰੀ ਦਾ ਕੰਮ ਪਿਛਲੇ ਸਾਲ 2024 ਵਿਚ ਪੂਰਾ ਹੋਇਆ ਸੀ।
ਸ਼੍ਰੀਨਗਰ-ਕਾਰਗਿਲ-ਲੇਹ ਹਾਈਵੇਅ 'ਤੇ ਜਿੱਥੇ ਜ਼ੈੱਡ-ਮੋੜ ਸੁਰੰਗ ਹੈ, ਉੱਥੇ ਅਕਸਰ ਭਾਰੀ ਬਰਫ਼ਬਾਰੀ ਹੁੰਦੀ ਹੈ। ਜਿਸ ਕਾਰਨ, ਹਾਈਵੇਅ ਦਾ ਇਕ ਵੱਡਾ ਹਿੱਸਾ ਕਈ ਮਹੀਨਿਆਂ ਲਈ ਬੰਦ ਕਰ ਦਿਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਇਸ ਪ੍ਰਾਜੈਕਟ ਅਧੀਨ ਬਣੀ ਜ਼ੈੱਡ-ਮੋੜ ਸੁਰੰਗ ਤੇ ਇਸ ਦੇ ਨਾਲ ਬਣਨ ਵਾਲੀ ਇਕ ਹੋਰ ਸੁਰੰਗ ਦੇ ਕਾਰਨ, ਆਮ ਲੋਕ ਅਤੇ ਭਾਰਤੀ ਫ਼ੌਜ ਸਾਲ ਭਰ ਇਸ ਹਾਈਵੇਅ ਦੀ ਵਰਤੋਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕਰ ਸਕਣਗੇ।
ਇਸ ਪ੍ਰਾਜੈਕਟ ਦੇ ਤਹਿਤ ਬਣਾਈਆਂ ਜਾ ਰਹੀਆਂ ਦੋ ਸੁਰੰਗਾਂ ਵਿਚੋਂ, ਪਹਿਲੀ ਜ਼ੈੱਡ-ਮੌੜ ਸੁਰੰਗ ਗਾਂਦਰਬਲ ਜ਼ਿਲ੍ਹੇ ਵਿਚ ਗਗਨਗੀਰ ਅਤੇ ਸੋਨਮਾਰਗ ਵਿਚਕਾਰ ਹੈ। ਜਦਕਿ ਦੂਜੀ ਸੁਰੰਗ ਜਿਸ ਦੀ ਲੰਬਾਈ 14 ਕਿਲੋਮੀਟਰ ਹੈ, ਇਹ ਬਾਲਟਾਲ ਤੋਂ ਜ਼ੋਜੀਲਾ ਨੇੜੇ ਮਿੰਨੀਮਾਰਗ, ਦਰਾਸ ਤਕ ਜਾਵੇਗੀ।
(For more Punjabi news apart from PM Modi inaugurates Z-Morh tunnel Latest News in Punjabi stay tuned to Rozana Spokesman)