
ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ
ਨਵੀਂ ਦਿੱਲੀ : ਭਾਰਤ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡੇਡ ਮਿਜ਼ਾਈਲ ਨਾਗ-MK-2 ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲ ਹੀ ’ਚ ਰਾਜਸਥਾਨ ਦੇ ਪੋਖਰਨ ’ਚ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਫਾਇਰਿੰਗ ਰੇਂਜ ’ਚ ਇਹ ਪ੍ਰੀਖਣ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਫਾਇਰ ਐਂਡ ਫਾਰਗੇਟ ਗਾਈਡੇਡ ਮਿਜ਼ਾਈਲ ਨਾਗ ਐੱਮਕੇ-2 ਦਾ ਹਾਲ ਹੀ ’ਚ ਪੋਖਰਨ ਫੀਲਡ ਰੇਂਜ ’ਚ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸਫਲ ਪ੍ਰੀਖਣ ਕੀਤਾ ਗਿਆ।
ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ, ਜਿਸ ਨਾਲ ਨਿਸ਼ਾਨੇ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੀ ਸਮਰੱਥਾ ਦੀ ਪੁਸ਼ਟੀ ਹੋਈ।’’ ਐਨ.ਏ.ਜੀ. ਮਿਜ਼ਾਈਲ ਕੈਰੀਅਰ ਸੰਸਕਰਨ-2 ਦਾ ਵੀ ਅਸਲ ਜ਼ਿੰਦਗੀ ਦੀਆਂ ਸਥਿਤੀਆਂ ’ਚ ਪ੍ਰੀਖਣ ਕੀਤਾ ਗਿਆ ਸੀ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਨਾਲ ਹੀ ਪੂਰੀ ਹਥਿਆਰ ਪ੍ਰਣਾਲੀ ਹੁਣ ਭਾਰਤੀ ਫੌਜ ’ਚ ਸ਼ਾਮਲ ਹੋਣ ਲਈ ਤਿਆਰ ਹੈ। ’’
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਗ ਐਮ.ਕੇ.-2 ਦੀ ਸਮੁੱਚੀ ਹਥਿਆਰ ਪ੍ਰਣਾਲੀ ਦੇ ਸਫਲ ਸਮਰੱਥਾ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਭਾਰਤੀ ਫੌਜ ਅਤੇ ਉਦਯੋਗ ਨੂੰ ਵਧਾਈ ਦਿਤੀ। ਡੀ.ਆਰ.ਡੀ.ਓ. ਦੇ ਚੇਅਰਮੈਨ ਸਮੀਰ ਵੀ ਕਾਮਥ ਨੇ ਮਿਜ਼ਾਈਲ ਨੂੰ ਫੌਜ ’ਚ ਸ਼ਾਮਲ ਕਰਨ ਲਈ ਤਿਆਰ ਕਰਨ ਲਈ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।