GOAT India Tour 2025 : ਫੁੱਟਬਾਲ ਨੂੰ ਹੱਲਾਸ਼ੇਰੀ ਦੇਣ ਲਈ ‘ਪ੍ਰਾਜੈਕਟ ਮਹਾ-ਦੇਵਾ’ ਦੀ ਸ਼ੁਰੂਆਤ
ਮੁੰਬਈ : ਵਾਨਖੇੜੇ ਸਟੇਡੀਅਮ ਦਾ ਮੈਦਾਨ ਐਤਵਾਰ ਨੂੰ ਭਾਰਤੀ ਖੇਡ ਇਤਿਹਾਸ ਦਾ ਇਕ ਹੋਰ ਸ਼ਾਨਦਾਰ ਅਧਿਆਇ ਦਾ ਹਿੱਸਾ ਬਣ ਗਿਆ ਜਦੋਂ ਦੋ ਮਹਾਨ ਖਿਡਾਰੀਆਂ ਲਿਓਨਲ ਮੇਸੀ ਅਤੇ ਸਚਿਨ ਤੇਂਦੁਲਕਰ ਨੇ ਇੱਥੇ GOAT India Tour 2025 ਹੇਠ ਇਕ ਸ਼ਾਨਦਾਰ ਸਮਾਗਮ ਵਿਚ ਇਥੇ ਕੇਂਦਰੀ ਮੰਚ ਸਾਂਝਾ ਕੀਤਾ।
ਚਾਰ ਸ਼ਹਿਰਾਂ ਦੇ ਭਾਰਤ ਦੌਰੇ ਦੌਰਾਨ ਅਪਣੇ ਤੀਜੇ ਪੜਾਅ ਉਤੇ, ਮੇਸੀ ਨੇ ਨੌਜੁਆਨ ਫੁੱਟਬਾਲ ਖਿਡਾਰੀਆਂ, ਮਹਾਨ ਕ੍ਰਿਕਟਰ ਤੇਂਦੁਲਕਰ, ਭਾਰਤੀ ਫੁੱਟਬਾਲ ਖਿਡਾਰੀ ਸੁਨੀਲ ਛੇਤਰੀ ਦੇ ਨਾਲ-ਨਾਲ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਨਾਲ ਵਾਨਖੇੜੇ ਵਿਚ ਇਕ ਘੰਟਾ ਬਿਤਾਇਆ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ‘ਪ੍ਰਾਜੈਕਟ ਮਹਾ-ਦੇਵਾ’ ਸ਼ੁਰੂ ਕਰਨ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਸੂਬੇ ਭਰ ਦੇ ਨੌਜੁਆਨ ਫੁੱਟਬਾਲ ਖਿਡਾਰੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਦਾ ਵਿਕਾਸ ਕਰਨਾ ਹੈ। ਪੂਰੇ ਪ੍ਰੋਗਰਾਮ ਦੌਰਾਨ ‘ਮੈਸੀ ... ਮੈਸੀ’ ਅਤੇ ‘ਸਚਿਨ... ਸਚਿਨ’ ਦੇ ਨਾਅਰੇ ਗੂੰਜਦੇ ਰਹੇ।
ਅਰਜਨਟੀਨਾ ਦੇ ਮਹਾਨ ਖਿਡਾਰੀ ਅਪਣੇ ਇੰਟਰ ਮਿਆਮੀ ਦੇ ਸਾਥੀ ਲੁਈਸ ਸਵਾਰੇਜ਼ ਅਤੇ ਰੋਡਰਿਗੋ ਡੀ ਪੌਲ ਦੇ ਨਾਲ ਤੇਂਦੁਲਕਰ ਦੇ ਸ਼ਾਮ 5:45 ਵਜੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਮੈਦਾਨ ਵਿਚ ਆਏ। ਮੈਸੀ ਨੇ ਭਾਰਤ ਦੇ ਸਾਬਕਾ ਫੁੱਟਬਾਲ ਕਪਤਾਨ ਛੇਤਰੀ ਨਾਲ ਗੱਲਬਾਤ ਕਰਨ ਵਿਚ ਸਮਾਂ ਬਿਤਾਇਆ ਅਤੇ ਉਨ੍ਹਾਂ ਨੂੰ ਅਪਣੀ ਅਰਜਨਟੀਨਾ ਦੀ ਜਰਸੀ ਵੀ ਭੇਟ ਕੀਤੀ - ਜੋ ਉਨ੍ਹਾਂ ਨੇ ਫੜਨਵੀਸ ਨੂੰ ਵੀ ਭੇਟ ਕੀਤੀ।
