ਭਾਰਤ ਤੋਂ ਇਲਾਵਾ ਚੀਨ ਅਤੇ ਸੰਯੁਕਤ ਅਰਬ ਅਮੀਰਾਤ, ਤਹਿਰਾਨ ਪ੍ਰਮੁੱਖ ਵਪਾਰਕ ਭਾਈਵਾਲ
ਨਵੀਂ ਦਿੱਲੀ: ਨਿਰਯਾਤਕਾਂ ਦੀ ਸਿਖਰਲੀ ਸੰਸਥਾ ਭਾਰਤੀ ਨਿਰਯਾਤਕ ਸੰਗਠਨ ਫ਼ੈਡਰੇਸ਼ਨ (ਐਫ਼.ਆਈ.ਈ.ਓ.) ਨੇ ਕਿਹਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਰਾਨ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ਉਤੇ 25 ਫੀ ਸਦੀ ਡਿਊਟੀ ਲਗਾਉਣ ਦੇ ਐਲਾਨ ਦਾ ਭਾਰਤ ਉਤੇ ਕੋਈ ਅਸਰ ਨਹੀਂ ਪਵੇਗਾ। ਭਾਰਤ ਤੋਂ ਇਲਾਵਾ ਚੀਨ ਅਤੇ ਸੰਯੁਕਤ ਅਰਬ ਅਮੀਰਾਤ ਤਹਿਰਾਨ ਦੇ ਪ੍ਰਮੁੱਖ ਵਪਾਰਕ ਭਾਈਵਾਲ ਹਨ।
ਐਫ.ਆਈ.ਈ.ਓ. ਨੇ ਕਿਹਾ ਕਿ ਭਾਰਤੀ ਕੰਪਨੀਆਂ ਅਤੇ ਬੈਂਕ ਇਰਾਨ ਉਤੇ ਓ.ਐਫ.ਏ.ਸੀ. (ਵਿਦੇਸ਼ੀ ਸੰਪਤੀ ਕੰਟਰੋਲ ਦਫ਼ਤਰ) ਦੀਆਂ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ। ਐਫ.ਆਈ.ਈ.ਓ. ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਕਿਹਾ ਕਿ ਇਸ ਲਈ ਭਾਰਤ ਉਤੇ ਕਿਸੇ ਮਾੜੇ ਅਸਰ ਦਾ ਅਨੁਮਾਨ ਲਗਾਉਣ ਦਾ ਕੋਈ ਅਧਾਰ ਨਹੀਂ ਹੈ।
ਸਾਲ 2024-25 (ਅਪ੍ਰੈਲ-ਮਾਰਚ) ’ਚ ਇਰਾਨ ਨਾਲ ਭਾਰਤ ਦਾ ਕੁਲ ਵਪਾਰ 1.68 ਅਰਬ ਡਾਲਰ ਸੀ, ਜਿਸ ’ਚ ਮੁੱਖ ਤੌਰ ਉਤੇ ਖੇਤੀ ਖੇਤਰ ਤੋਂ 1.24 ਅਰਬ ਡਾਲਰ ਦਾ ਨਿਰਯਾਤ ਸ਼ਾਮਲ ਹੈ। ਇਰਾਨ ਨੂੰ ਭਾਰਤ ਦੇ ਸੱਭ ਤੋਂ ਵੱਧ ਨਿਰਯਾਤ ਕੀਤੇ ਜਾਣ ਵਾਲੇ ਉਤਪਾਦਾਂ ਵਿਚ ਅਨਾਜ, ਪਸ਼ੂਆਂ ਦਾ ਚਾਰਾ, ਚਾਹ ਅਤੇ ਕੌਫੀ, ਮਸਾਲੇ, ਫਲ ਅਤੇ ਸਬਜ਼ੀਆਂ ਅਤੇ ਦਵਾਈਆਂ ਸ਼ਾਮਲ ਸਨ।
ਫ਼ੈਡਰੇਸ਼ਨ ਨੇ ਕਿਹਾ, ‘‘ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਰਾਨ ਨਾਲ ਭਾਰਤ ਦਾ ਵਪਾਰ ਅਮਰੀਕਾ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਹਰ ਹੈ, ਇਨ੍ਹਾਂ ’ਚੋਂ ਜ਼ਿਆਦਾਤਰ ਉਤਪਾਦਾਂ ਦੇ ਮਾਨਵਤਾਵਾਦੀ ਸੁਭਾਅ ਦੇ ਮੱਦੇਨਜ਼ਰ। ਇਸ ਲਈ ਐਫ.ਆਈ.ਈ.ਓ. ਦਾ ਮੰਨਣਾ ਹੈ ਕਿ ਇਰਾਨ ਨਾਲ ਕਾਰੋਬਾਰ ਕਰਨ ਵਾਲੇ ਕਿਸੇ ਵੀ ਦੇਸ਼ ਉਤੇ ਅਮਰੀਕਾ ਵਲੋਂ ਲਗਾਏ ਗਏ ਵਾਧੂ 25 ਫ਼ੀ ਸਦੀ ਟੈਰਿਫ ਦਾ ਪ੍ਰਭਾਵ ਭਾਰਤ ਉਤੇ ਲਗਭਗ ਕੋਈ ਪ੍ਰਭਾਵ ਨਹੀਂ ਪਵੇਗਾ।’’
ਇਰਾਨ ਨੂੰ ਪ੍ਰਮੁੱਖ ਭਾਰਤੀ ਨਿਰਯਾਤ ਵਿਚ ਚੌਲ, ਚਾਹ, ਖੰਡ, ਦਵਾਈਆਂ, ਮਨੁੱਖ ਵਲੋਂ ਬਣਾਏ ਸਟੈਪਲ ਫਾਈਬਰ, ਇਲੈਕਟ੍ਰੀਕਲ ਮਸ਼ੀਨਰੀ ਅਤੇ ਨਕਲੀ ਗਹਿਣੇ ਸ਼ਾਮਲ ਹਨ, ਜਦਕਿ ਪ੍ਰਮੁੱਖ ਆਯਾਤਾਂ ਵਿਚ ਸੁੱਕੇ ਮੇਵੇ, ਗੈਰ-ਜੈਵਿਕ/ਜੈਵਿਕ ਰਸਾਇਣ ਅਤੇ ਕੱਚ ਦੇ ਬਰਤਨ ਸ਼ਾਮਲ ਹਨ।
ਭਾਰਤ-ਇਰਾਨ ਸਬੰਧਾਂ ਦਾ ਇਕ ਮੁੱਖ ਪਹਿਲੂ ਚਾਬਹਾਰ ਬੰਦਰਗਾਹ ਦਾ ਸਾਂਝਾ ਵਿਕਾਸ ਹੈ। ਇਰਾਨ ਦੇ ਦਖਣੀ ਤੱਟ ਉਤੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਸਥਿਤ ਇਸ ਬੰਦਰਗਾਹ ਨੂੰ ਭਾਰਤ ਅਤੇ ਇਰਾਨ ਨੇ ਸੰਪਰਕ ਅਤੇ ਵਪਾਰਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਵਿਕਸਿਤ ਕੀਤਾ ਹੈ। ਸਾਲ 2024-25 ’ਚ ਇਰਾਨ ਨੂੰ ਭਾਰਤ ਦਾ ਵਪਾਰਕ ਨਿਰਯਾਤ 1.55 ਫੀ ਸਦੀ ਵਧ ਕੇ 1.24 ਅਰਬ ਡਾਲਰ ਉਤੇ ਪਹੁੰਚ ਗਿਆ, ਜਦਕਿ ਆਯਾਤ 29.32 ਫੀ ਸਦੀ ਘਟ ਕੇ 441.83 ਕਰੋੜ ਡਾਲਰ ਰਹਿ ਗਿਆ।
