
ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਦਸਿਆ
ਪਦਮਪੁਰ (ਰਾਜਸਥਾਨ) : ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੇ ਪਿਛੋਕੜ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨਾਂ ਸਾਹਮਣੇ ਅੰਗਰੇਜ਼ ਨਹੀਂ ਟਿਕ ਸਕੇ ਤਾਂ ਮੋਦੀ ਕੌਣ ਹੈ। ਗੰਗਾਨਗਰ ਜ਼ਿਲ੍ਹੇ ਦੇ ਪਦਮਪੁਰ ਕਸਬੇ ਵਿਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ।
Rahul Gandhi
ਕਿਸਾਨ ਅੰਦੋਲਨ ਨੂੰ ਪੂਰੇ ਦੇਸ਼ ਦਾ ਅੰਦੋਲਨ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਦਾਇਰਾ ਅਜੇ ਹੋਰ ਵਧੇਗਾ। ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀ ਕਾਨੂੰਨ ਵਾਪਸ ਲੈਣ ਦੀ ਮੰਗ ਨਹੀਂ ਮੰਨਣ ਵਲ ਇਸ਼ਾਰਾ ਕਰਦੇ ਹੋਏ ਗਾਂਧੀ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ। ਇਹ ਅੰਦੋਲਨ ਫੈਲ ਜਾਵੇਗਾ। ਇਹ ਅੰਦੋਲਨ ਕਿਸਾਨਾਂ ਰਾਹੀਂ ਸ਼ਹਿਰਾਂ ਤਕ ਫੈਲੇਗਾ।
PM Modi
ਇਸੇ ਲਈ ਮੈਂ ਨਰਿੰਦਰ ਮੋਦੀ ਨੂੰ ਕਹਿ ਰਿਹਾ ਹਾਂ ਕਿ ਉਹ ਕਿਸਾਨਾਂ ਦੀ ਗੱਲ ਸੁਣਨ। ਅੰਤ ਵਿਚ ਇਹ ਕਰਨਾ ਹੀ ਪਏਗਾ। ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਕਿਸਾਨ ਅੰਦੋਲਨ ਦੇ ਪਿਛੋਕੜ ਵਿਚ ਕਾਂਗਰਸ ਨੇ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਇਲਾਕੇ ਵਿਚ ਦੋ ਕਿਸਾਨ ਮਹਾਪੰਚਾਇਤਾਂ ਵਿਚ ਹਾਜ਼ਰੀ ਭਰੀ। ਇਨ੍ਹਾਂ ਮਹਾਪੰਚਾਇਤਾਂ ਵਿਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦੀ ਇਕ ਵੱਡਾ ਇਕੱਠ ਵੇਖਣ ਨੂੰ ਮਿਲਿਆ।
Farmers Protest
ਦੇੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਨੂੰ ਨਹੀਂ ਸਮਝਦੇ ਮੋਦੀ: ਗਾਂਧੀ
ਪੀਲੀਬੰਗਾ (ਰਾਜਸਥਾਨ) : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਤਾਕਤ ਨੂੰ ਨਹੀਂ ਸਮਝਦੇ ਪਰ ਹੁਣ ਇਹ ਲੋਕ ਅਪਣੀ ਸ਼ਕਤੀ ਪ੍ਰਧਾਨ ਮੰਤਰੀ ਨੂੰ ਦਿਖਾਉਣ ਜਾ ਰਹੇ ਹਨ। ਗਾਂਧੀ ਨੇ ਇਥੇ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਦਾ ਮੁੱਦਾ ਨਹੀਂ ਹੈ, ਸਗੋਂ ਇਹ ਦੇਸ਼ ਦੇ ਗ਼ਰੀਬਾਂ, ਮਜ਼ਦੂਰਾਂ ਅਤੇ 40 ਫ਼ੀ ਸਦੀ ਲੋਕਾਂ ਦਾ ਮਸਲਾ ਹੈ ਅਤੇ ਕਾਂਗਰਸ ਪਾਰਟੀ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਸਾਹ ਲਵੇਗੀ।
PM Modi and Rahul Gandhi
ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਉਹ ਇਹ ਕਾਨੂੰਨ ਕਿਸਾਨਾਂ ਲਈ ਲੈ ਕੇ ਆਏ ਹਨ, ਤਾਂ ਸਵਾਲ ਇਹ ਹੈ ਕਿ ਕਿਸਾਨ ਸਾਰੇ ਦੇਸ਼ ਵਿਚ ਦੁਖੀ ਕਿਉਂ ਹਨ? ਅੰਦੋਲਨ ਲਈ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਕਿਉਂ ਇਕੱਠੇ ਹੋਏ ਹਨ?
Farmers
ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ‘ਹਮ ਦੋ ਹਮਾਰੇ ਦੋ’ ਲਈ ਕੀਤਾ। ਚਾਰ ਲੋਕ ਇਸ ਦੇਸ਼ ਦੀ ਸਰਕਾਰ ਚਲਾਉਂਦੇ ਹਨ ਅਤੇ ਜੋ ਵੀ ਹੋ ਰਿਹਾ ਹੈ, ਉਹ ਇਨ੍ਹਾਂ ਚਾਰ ਲੋਕਾਂ ਲਈ ਹੋ ਰਿਹਾ ਹੈ. .. ਨਰਿੰਦਰ ਮੋਦੀ ਅਪਣੇ ਦੋਸਤਾਂ ਲਈ ਰਾਹ ਸਾਫ਼ ਕਰਨਾ ਚਾਹੁੰਦੇ ਹਨ।