
ਕਈ ਰਾਜਾਂ ਵਿਚ ਵਿਦਿਅਕ ਅਦਾਰਿਆਂ ਨੂੰ ਲੱਗੇ ਤਾਲੇ, ਸਰਕਾਰੀ ਡਾਕਟਰਾਂ ਤੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ
ਨਵੀਂ ਦਿੱਲੀ : ਭਾਰਤ ਵਿਚ 'ਕੋਰੋਨਾ' ਵਾਇਰਸ ਦੀ ਲਾਗ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਮਗਰੋਂ ਵੱਖ ਵੱਖ ਰਾਜਾਂ ਨੇ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਈ ਜੰਗੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਕੁੱਝ ਰਾਜਾਂ ਵਿਚ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਹੋਰ ਵਿਦਿਅਕ ਅਦਾਰੇ 31 ਮਾਰਚ ਤਕ ਬੰਦ ਕਰ ਦਿਤੇ ਗਏ ਹਨ।
Photo
ਯੂਪੀ, ਬਿਹਾਰ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਦਿੱਲੀ ਸਣੇ ਹੋਰ ਰਾਜਾਂ ਵਿਚ ਜਨਤਕ ਪ੍ਰੋਗਰਾਮਾਂ 'ਤੇ ਰੋਕ ਲਾ ਦਿਤੀ ਗਈ ਹੈ ਅਤੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦੇ ਦਿਤੇ ਗਏ ਹਨ। ਜ਼ਿਕਰਯੋਗ ਹੈ ਕਿ ਕਲ ਭਾਰਤ ਵਿਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਜਦ ਕਰਨਾਟਕ ਦੇ ਕਲਬੁਰਗੀ ਵਿਚ 76 ਸਾਲਾ ਬਜ਼ੁਰਗ ਨੇ ਇਸ ਬੀਮਾਰੀ ਕਾਰਨ ਦਮ ਤੋੜ ਦਿਤਾ। ਰਾਸ਼ਟਰਪਤੀ ਭਵਨ ਨੂੰ ਅਹਿਤਿਆਤੀ ਤੌਰ 'ਤੇ ਸ਼ੁਕਰਵਾਰ ਤੋਂ ਆਮ ਜਨਤਾ ਲਈ ਬੰਦ ਕਰ ਦਿਤਾ ਗਿਆ ਹੈ। ਰਾਜਧਾਨੀ ਵਿਚ ਦਿੱਲੀ ਯੂਨੀਵਰਸਿਟੀ, ਜੇਐਨਯੂ ਅਤੇ ਆਈਆਈਟੀ ਵਿਚ ਵੀ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ।
Photo
ਕਰਨਾਟਕ ਵਿਚ ਮਾਲ, ਥੀਏਟਰ, ਨਾਈਟ ਕਲੱਬ, ਪੱਬ ਅਤੇ ਸਵੀਮਿੰਗ ਪੂਲ ਅਗਲੇ ਹਫ਼ਤੇ ਤਕ ਬੰਦ ਕਰ ਦਿਤੇ ਗਏ ਹਨ। ਵਿਆਹ ਸਮਾਗਮਾਂ ਅਤੇ ਸਮਰ ਕੈਪਾਂ ਦੀ ਵੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸਰਕਾਰੀ ਡਾਕਟਰਾਂ ਅਤੇ ਸਿਹਤ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿਤੀਆਂ ਗਈਆਂ ਹਨ। ਬਿਹਾਰ, ਮੱਧ ਪ੍ਰਦੇਸ਼, ਯੂਪੀ ਆਦਿ ਵਿਚ 31 ਮਾਰਚ ਤਕ ਵਿਦਿਅਕ ਨਿਜੀ ਤੇ ਸਰਕਾਰੀ ਅਦਾਰੇ ਬੰਦ ਕਰ ਦਿਤੇ ਗਏ ਹਨ। ਯੂਪੀ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਵਾਇਰਸ ਦਾਖ਼ਲ ਹੋ ਚੁੱਕਾ ਹੈ।
Photo
ਯੋਗੀ ਸਰਕਾਰ ਨੇ ਅਧਿਕਾਰੀਆਂ ਨਾਲ ਬੈਠਕ ਮਗਰੋਂ 22 ਮਾਰਚ ਤਕ ਵਿਦਿਅਕ ਅਦਾਰੇ ਬੰਦ ਕਰਨ ਦਾ ਫ਼ੈਸਲਾ ਕੀਤਾ। 20 ਮਾਰਚ ਨੂੰ ਹਾਲਾਤ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਨੂੰ ਮਹਾਂਮਾਰੀ ਐਲਾਨ ਦਿਤਾ ਗਿਆ ਹੈ। ਇਥੇ ਜਿਮ, ਫ਼ਿਲਮ ਥੀਏਟਰ ਅਤੇ ਵਿਦਿਅਕ ਅਦਾਰੇ ਬੰਦ ਕਰ ਦਿਤੇ ਗਏ ਹਨ।
Photo
ਲੋਕਾਂ ਨੂੰ ਗਰੁਪਾਂ ਵਿਚ ਇਕੱਠੇ ਹੋਣ ਤੋਂ ਰੋਕ ਦਿਤਾ ਗਿਆ ਹੈ। ਸੂਬੇ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 17 ਪਾਜ਼ੇਟਿਕ ਕੇਸ ਸਾਹਮਣੇ ਆ ਚੁੱਕੇ ਹਨ। ਹਰਿਆਣਾ ਦੇ 5 ਜ਼ਿਲ੍ਹਿਆਂ ਵਿਚ ਵਿਦਿਅਕ ਅਦਾਰੇ ਬੰਦ ਕਰ ਦਿਤੇ ਗਏ ਹਨ। ਜੰਮ ਕਸ਼ਮੀਰ ਵਿਚ ਵੀ ਸਕੂਲ ਕਾਲਜ ਬੰਦ ਕਰ ਦਿਤੇ ਗਏ ਹਨ।