ਪ੍ਰਗਿਆ ਠਾਕੁਰ ਨੂੰ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ ਤੋਂ ਕਾਨੂੰਨ ਵਿਚ ਮਾਸਟਰ ਡਿਗਰੀ ਹਾਸਲ ਕਰਨ ਲਈ ਵਜੀਫ਼ਾ ਮਿਲਿਆ
ਨਵੀਂ ਦਿੱਲੀ: ਭਾਰਤ ਦੇ ਚੀਫ ਜਸਟਿਸ (ਸੀ.ਜੇ.ਆਈ.) ਡੀ.ਵਾਈ. ਚੰਦਰਚੂੜ ਸਿੰਘ ਅਤੇ ਸੁਪਰੀਮ ਕੋਰਟ ਦੇ ਹੋਰ ਜੱਜਾਂ ਨੇ ਬੁਧਵਾਰ ਨੂੰ ਇਕ ਰਸੋਈਏ ਅਤੇ ਉਸ ਦੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਧੀ ਪ੍ਰਗਿਆ ਠਾਕੁਰ ਨੂੰ ਸਨਮਾਨਿਤ ਕੀਤਾ, ਜਿਸ ਨੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਜਾਂ ਮਿਸ਼ੀਗਨ ਤੋਂ ਕਾਨੂੰਨ ਵਿਚ ਮਾਸਟਰ ਡਿਗਰੀ ਹਾਸਲ ਕਰਨ ਲਈ ਵਜੀਫ਼ਾ ਜਿੱਤਿਆ ਹੈ।
ਦਿਨ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਾਰੇ ਅਦਾਲਤ ਦੇ ਕੰਪਲੈਕਸ ਵਿਚ ਜੱਜਾਂ ਦੇ ਲਾਊਂਜ ਵਿਚ ਇਕੱਠੇ ਹੋਏ ਅਤੇ ਸੁਪਰੀਮ ਕੋਰਟ ਦੇ ਰਸੋਈਏ ਅਜੇ ਕੁਮਾਰ ਸਮਾਲ ਦੀ ਧੀ ਪ੍ਰਗਿਆ ਦਾ ਖੜੇ ਹੋ ਕੇ ਸਵਾਗਤ ਕੀਤਾ। ਅਪਣੇ ਪਿਤਾ ਨੂੰ ਸੁਪਰੀਮ ਕੋਰਟ ਕੰਪਲੈਕਸ ’ਚ ਕੰਮ ਕਰਦੇ ਵੇਖ ਕੇ, ਪ੍ਰਗਿਆ ਨੇ ਸ਼ਾਇਦ ਕਾਨੂੰਨ ਦੀ ਪੜ੍ਹਾਈ ਕਰਨ ’ਚ ਦਿਲਚਸਪੀ ਪੈਦਾ ਕੀਤੀ। ਜਸਟਿਸ ਚੰਦਰਚੂੜ ਨੇ ਉਸ ਨੂੰ ਭਾਰਤੀ ਸੰਵਿਧਾਨ ’ਤੇ ਕੇਂਦਰਿਤ ਤਿੰਨ ਕਿਤਾਬਾਂ ਤੋਹਫ਼ੇ ਵਜੋਂ ਦਿਤੀਆਂ ਅਤੇ ਪ੍ਰਗਿਆ ਨੇ ਹੱਥ ਜੋੜ ਕੇ ਧੰਨਵਾਦ ਕੀਤਾ। ਇਨ੍ਹਾਂ ਕਿਤਾਬਾਂ ’ਤੇ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਦੇ ਦਸਤਖਤ ਹਨ।
ਨੌਜੁਆਨ ਵਕੀਲ ਨੂੰ ਸਨਮਾਨਿਤ ਕਰਨ ਤੋਂ ਬਾਅਦ ਚੰਦਰਚੂੜ ਨੇ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਪ੍ਰਗਿਆ ਨੇ ਅਪਣੇ ਦਮ ’ਤੇ ਕੁੱਝ ਹਾਸਲ ਕੀਤਾ ਹੈ, ਪਰ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਜੋ ਵੀ ਲੋੜ ਪਵੇਗੀ, ਉਹ ਉਸ ਨੂੰ ਪ੍ਰਾਪਤ ਕਰਨ ’ਚ ਸਫਲ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਉਹ ਦੇਸ਼ ਦੀ ਸੇਵਾ ਕਰਨ ਲਈ ਵਾਪਸ ਆਉਣਗੇ। ਹੋਰ ਜੱਜਾਂ ਨੇ ਵੀ ਪ੍ਰਗਿਆ ਨੂੰ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ।’’ ਚੰਦਰਚੂੜ ਨੇ ਸਮਾਲ ਅਤੇ ਉਸ ਦੀ ਪਤਨੀ ਨੂੰ ਸ਼ਾਲ ਭੇਟ ਕੀਤੀ।
ਚੀਫ ਜਸਟਿਸ ਅਤੇ ਹੋਰ ਜੱਜਾਂ ਦੇ ਪਿਆਰ ਭਰੇ ਵਿਵਹਾਰ ਤੋਂ ਖੁਸ਼ 25 ਸਾਲ ਦੀ ਵਕੀਲ ਨੇ ਕਿਹਾ ਕਿ ਚੰਦਰਚੂੜ ਉਨ੍ਹਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ, ‘‘ਅਦਾਲਤੀ ਸੁਣਵਾਈ ਦੀ ਲਾਈਵ ਸਟ੍ਰੀਮਿੰਗ ਨਾਲ ਹਰ ਕੋਈ ਉਨ੍ਹਾਂ (ਜਸਟਿਸ ਚੰਦਰਚੂੜ) ਨੂੰ ਬੋਲਦੇ ਹੋਏ ਵੇਖ ਸਕਦਾ ਹੈ। ਉਹ ਨੌਜੁਆਨ ਵਕੀਲਾਂ ਨੂੰ ਉਤਸ਼ਾਹਤ ਕਰਦੇ ਹਨ ਅਤੇ ਉਨ੍ਹਾਂ ਦੇ ਸ਼ਬਦ ਰਤਨਾਂ ਵਰਗੇ ਹਨ। ਉਹ ਮੇਰੀ ਪ੍ਰੇਰਣਾ ਹਨ।’’
 
                    
                