
ਗ੍ਰਿਫ਼ਤਾਰ ਕੀਤੇ ਚਾਰੇ ਮੁਲਜ਼ਮ ਨਿਕਲੇ ਬੰਗਲਾਦੇਸ਼ੀ
ਦਿੱਲੀ ਪੁਲਿਸ ਨੇ 'ਡਾਲਰ ਗੈਂਗ' ਦੇ ਚਾਰ ਬਦਮਾਸ਼ ਠੱਗਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵੱਡੇ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਭੋਲੇ ਭਾਲੇ ਲੋਕਾਂ ਨੂੰ ਜਾਅਲੀ ਅਮਰੀਕੀ ਡਾਲਰਾਂ ਦਾ ਲਾਲਚ ਦੇ ਕੇ ਠੱਗੀ ਮਾਰਦਾ ਸੀ। ਪੁਲਿਸ ਨੇ 8 ਅਸਲੀ ਅਮਰੀਕੀ ਡਾਲਰ ਦੇ ਨੋਟ, 2 ਬੰਗਲਾਦੇਸ਼ੀ ਟਕੇ, 40,300 ਰੁਪਏ ਨਕਦ, 11 ਮੋਬਾਈਲ ਫ਼ੋਨ ਅਤੇ ਅਖ਼ਬਾਰ ਦੇ ਰੋਲ ਬਰਾਮਦ ਕੀਤੇ ਹਨ, ਜੋ ਡਾਲਰਾਂ ਦੇ ਬੰਡਲਾਂ ਵਾਂਗ ਪੈਕ ਕੀਤੇ ਹੋਏ ਸਨ। ਜਾਂਚ 'ਚ ਸਾਹਮਣੇ ਆਇਆ ਕਿ ਚਾਰੇ ਦੋਸ਼ੀ ਬੰਗਲਾਦੇਸ਼ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਏ ਸਨ ਅਤੇ ਫ਼ਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਆਧਾਰ ਕਾਰਡ ਬਣਵਾਏ ਸਨ। ਪੁਲਿਸ ਨੇ UIDAI ਨੂੰ ਪੱਤਰ ਭੇਜ ਕੇ ਉਨ੍ਹਾਂ ਦੇ ਆਧਾਰ ਕਾਰਡ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ।
ਡੀਸੀਪੀ ਨਾਰਥ ਵੈਸਟ ਅਨੁਸਾਰ 13 ਫ਼ਰਵਰੀ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਧੌਲਾ ਕੂਆਂ ਇਲਾਕੇ ਵਿੱਚ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਅਤੇ 20 ਅਮਰੀਕੀ ਡਾਲਰ ਦਿਖਾ ਕੇ ਦੱਸਿਆ ਕਿ ਉਸ ਕੋਲ ਕੁੱਲ 1035 ਨੋਟ ਸਨ, ਜਿਨ੍ਹਾਂ ਨੂੰ ਉਹ ਭਾਰਤੀ ਰੁਪਏ ਵਿੱਚ ਬਦਲਣਾ ਚਾਹੁੰਦਾ ਸੀ। ਲਾਲਚ ਕਾਰਨ ਪੀੜਤ ਨੇ ਉਸ ਨਾਲ ਸੰਪਰਕ ਬਣਾਈ ਰੱਖਿਆ ਅਤੇ ਸੌਦੇ ਲਈ 16 ਫ਼ਰਵਰੀ ਨੂੰ ਸਮਰਾਟ ਸਿਨੇਮਾ ਸ਼ਕੂਰਪੁਰ ਵਿਖੇ ਮੀਟਿੰਗ ਤੈਅ ਕੀਤੀ।
ਪੀੜਤ ਆਪਣੀ ਪਤਨੀ ਨਾਲ ਉੱਥੇ ਪਹੁੰਚਿਆ, ਜਿੱਥੇ ਮੁਲਜ਼ਮ ਨੇ ਉਸ ਨੂੰ ਨੀਲੇ ਰੰਗ ਦੇ ਬੈਗ 'ਚ ਡਾਲਰ ਦੇ ਕੇ 2 ਲੱਖ ਰੁਪਏ ਲੈ ਲਏ। ਜਦੋਂ ਪੀੜਤ ਨੇ ਬੈਗ ਖੋਲ੍ਹਿਆ ਤਾਂ ਉਸ ਵਿੱਚ ਅਖ਼ਬਾਰ, ਰੁਮਾਲ, ਸਾਬਣ ਅਤੇ ਡਿਟਰਜੈਂਟ ਸੀ। ਧੋਖਾਧੜੀ ਦਾ ਪਤਾ ਲੱਗਦਿਆਂ ਹੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸੁਭਾਸ਼ ਪਲੇਸ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇੰਸਪੈਕਟਰ ਮਹੇਸ਼ ਕੁਮਾਰ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ 190 ਤੋਂ ਵੱਧ ਸੀਸੀਟੀਵੀ ਫੁਟੇਜਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਤਕਨੀਕੀ ਡਾਟਾ ਅਤੇ ਸੀ.ਡੀ.ਆਰ. ਦੀ ਮਦਦ ਨਾਲ ਗੁਰੂਗ੍ਰਾਮ ਦੇ ਪਿੰਡ ਧੁੰਦਹੇੜਾ 'ਚ ਛਾਪਾ ਮਾਰਿਆ। 16 ਮਾਰਚ ਨੂੰ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।