
ਹਸਪਤਾਲ ਵਿਚ ਨਹੀਂ ਮਿਲ ਰਿਹਾ ਦਾਖ਼ਲਾ!
ਮੁੰਬਈ : ਰਾਜਧਾਨੀ ਦਿੱਲੀ 'ਚ ਕਰੋਨਾ ਦਾ ਕਹਿਰ ਜਾਰੀ ਹੈ। ਸਰਕਾਰ ਵਲੋਂ ਭਾਵੇਂ ਕਰੋਨਾ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਰ ਮੀਡੀਆ ਅੰਦਰ ਨਸ਼ਰ ਹੋ ਰਹੀਆਂ ਰਿਪੋਰਟਾਂ ਅਸਲ ਹਕੀਕਤ ਕੁੱਝ ਹੋਰ ਹੋਣ ਵੱਲ ਇਸ਼ਾਰਾ ਕਰ ਰਹੀਆਂ ਹਨ। ਪ੍ਰਸਿੱਧ ਟੀਵੀ ਅਦਾਕਾਰਾ ਦੀ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀ ਇਕ ਵੀਡੀਓ ਵੀ ਇਸੇ ਹਕੀਕਤ ਵੱਲ ਇਸ਼ਾਰਾ ਕਰਦੀ ਜਾਪਦੀ ਹੈ।
deepika Singh
ਦਰਅਸਲ 'ਦੀਆ ਔਰ ਬਾਤੀ ਹਮ' ਅਤੇ 'ਕਵਚ-2' ਵਰਗੇ ਸੀਰੀਅਲਾਂ 'ਚ ਅਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁਕੀ ਟੀਵੀ ਕਲਾਕਾਰ ਦੀਪਿਕਾ ਸਿੰਘ ਦੀ ਮਾਤਾ ਦਿੱਲੀ ਵਿਖੇ ਰਹਿੰਦੀ ਹੈ। ਅਦਾਕਾਰ ਦੀ ਮਾਤਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ ਅਦਾਕਾਰਾ ਖੁਦ ਮੁੰਬਈ ਵਿਖੇ ਫਸੀ ਹੋਈ ਹੈ। ਅਪਣੀ ਮਾਂ ਦੀ ਹਾਲਤ ਤੋਂ ਚਿੰਤਤ ਉਕਤ ਕਲਾਕਾਰ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਮੱਦਦ ਲਈ ਗੁਹਾਰ ਲਗਾਈ ਹੈ।
CM Kejriwal
ਦੀਪਿਕਾ ਸਿੰਘ ਨੇ ਅਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਹੈ ਕਿ ਮੇਰੀ ਮਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਹਸਪਤਾਲ ਉਨ੍ਹਾਂ ਨੂੰ ਰਿਪੋਰਟ ਦੀ ਕਾਪੀ ਨਹੀਂ ਦੇ ਰਿਹਾ ਤੇ ਉਨ੍ਹਾਂ ਨੂੰ ਤਸਵੀਰ ਕਲਿਕ ਕਰਨ ਲਈ ਆਖਿਆ ਜਾ ਰਿਹਾ ਹੈ। ਰਿਪੋਰਟ ਤੋਂ ਬਿਨਾਂ ਕੋਈ ਵੀ ਹਸਪਤਾਲ ਮੇਰੀ ਮਾਂ ਨੂੰ ਦਾਖ਼ਲ ਕਰਨ ਲਈ ਤਿਆਰ ਨਹੀਂ, ਜਿਸ ਕਾਰਨ ਪਰਵਾਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
deepika Singh
ਦੀਪਿਕਾ ਅਨੁਸਾਰ ਉਸ ਦੀ ਮਾਂ ਦਿੱਲੀ ਦੇ ਪਹਾੜਗੰਜ ਇਲਾਕੇ ਅੰਦਰ ਪਰਵਾਰ ਸਮੇਤ ਰਹਿੰਦੀ ਹੈ। ਦੀਪਿਕਾ ਅਨੁਸਾਰ ਉਸ ਦੇ ਪਰਵਾਰ 'ਚ ਕੁੱਲ 45 ਮੈਂਬਰ ਹਨ ਜਿਸ ਕਾਰਨ ਪੂਰੇ ਪਰਵਾਰ 'ਤੇ ਕਰੋਨਾ ਦਾ ਖ਼ਤਰਾ ਮੰਡਰਾ ਰਿਹਾ ਹੈ। ਦੀਪਿਕਾ ਆਖਦੀ ਹੈ ਕਿ ਮੇਰੀ ਦਾਦੀ ਨੂੰ ਵੀ ਸਾਹ ਲੈਣ 'ਚ ਤਕਲੀਫ਼ ਮਹਿਸੂਸ ਹੋ ਰਹੀ ਹੈ ਅਤੇ ਪਿਤਾ ਵੀ ਅਜਿਹੇ ਲੱਛਣਾਂ ਤੋਂ ਪੀੜਤ ਹਨ।
deepika Singh
ਦੀਪਿਕਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ''ਮੈਂ ਮਦਦ ਚਾਹੁੰਦੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਸਮੇਂ ਕੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਮੈਂ ਬਹੁਤ ਤਕਲੀਫ਼ ਵਿਚ ਹਾਂ। ਮੇਰਾ 2 ਸਾਲ ਦਾ ਬੇਟਾ ਹੈ ਅਤੇ ਮੈਂ ਮੁੰਬਈ ਵਿਚ ਰਹਿੰਦੀ ਹਾਂ। ਉਥੇ ਮੇਰੀ ਮਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਨਹੀਂ ਕੀਤਾ ਜਾ ਰਿਹਾ ਹੈ। ਮੇਰੀ ਭੈਣ ਉਥੇ ਗਈ ਹੋਈ ਹੈ ਪਰ ਉਹ ਕੁੱਝ ਨਹੀਂ ਕਰ ਪਾ ਰਹੀ ਹੈ। ਦਿੱਲੀ ਦੇ ਲੇਡੀ ਹੈਰੀਟੇਜ ਹਸਪਤਾਲ 'ਚ ਕਰੋਨਾ ਟੈਸਟ ਕਰਵਾਇਆ ਗਿਆ ਹੈ, ਜਿਸ ਨੇ ਮਾਂ ਦੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ।'' ਦੀਪਿਕਾ ਮੁਤਾਬਕ ਦਿੱਲੀ ਦੇ ਕਈ ਹਸਪਤਾਲਾਂ 'ਚ ਬੈੱਡ ਨਹੀਂ ਹਨ। ਇਸ ਸਮੇਂ ਉਨ੍ਹਾਂ ਦੀ ਮਾਂ ਦਾ ਘਰ 'ਚ ਇਲਾਜ ਕੀਤਾ ਜਾ ਰਿਹਾ ਹੈ। ਦੀਪਿਕਾ ਨੇ ਅਪਣੇ ਪਤੀ ਦਾ ਨੰਬਰ ਸਾਂਝਾ ਕਰਦਿਆਂ ਮੱਦਦ ਦੀ ਉਮੀਦ ਜਿਤਾਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ