 
          	ਪਹਿਲੀ ਵਾਰ ਕਿਸੇ ਸੰਘੀ ਏੰਜਸੀ ਨੇ ਸਿਆਸੀ ਪਾਰਟੀ ਦੀ ਜਾਇਦਾਦ ਕੀਤੀ ਜ਼ਬਤ
Chhattisgarh News : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੀ ਸਰਕਾਰ ਦੌਰਾਨ ਸੂਬੇ ’ਚ ਹੋਏ 2100 ਕਰੋੜ ਰੁਪਏ ਦੇ ਕਥਿਤ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਛੱਤੀਸਗੜ੍ਹ ’ਚ ਕਾਂਗਰਸ ਪਾਰਟੀ ਦੇ ਦਫ਼ਤਰ ਤੋਂ ਇਲਾਵਾ ਉਸ ਦੇ ਸਾਬਕਾ ਮੰਤਰੀ ਕਵਾਸੀ ਲਖਮਾ ਦੀ ਜਾਇਦਾਦ ਜ਼ਬਤ ਕੀਤੀ ਹੈ।
ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਰਜ਼ੀ ਹੁਕਮ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਜਾਰੀ ਕੀਤਾ ਗਿਆ ਸੀ। ਜ਼ਬਤ ਕੀਤੀਆਂ ਜਾਇਦਾਦਾਂ ’ਚ ਲਖਮਾ, ਉਸ ਦੇ ਬੇਟੇ ਹਰੀਸ਼ ਲਖਮਾ ਅਤੇ ਸੁਕਮਾ ਜ਼ਿਲ੍ਹੇ ’ਚ ਕਾਂਗਰਸ ਦਫ਼ਤਰ ਦੀ ਇਮਾਰਤ ਸ਼ਾਮਲ ਹੈ। ਸੂਤਰਾਂ ਨੇ ਦਸਿਆ ਕਿ ਇਨ੍ਹਾਂ ਜਾਇਦਾਦਾਂ ਦੀ ਕੀਮਤ 6.15 ਕਰੋੜ ਰੁਪਏ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸੰਘੀ ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕਿਸੇ ਸਿਆਸੀ ਪਾਰਟੀ ਦੀ ਜਾਇਦਾਦ ਜ਼ਬਤ ਕੀਤੀ ਹੈ।
ਕਾਂਗਰਸ ਦੇ ਇਕ ਬੁਲਾਰੇ ਨੇ ਰਾਏਪੁਰ ’ਚ ਕਿਹਾ ਕਿ ਈ.ਡੀ. ਦੀ ਕਾਰਵਾਈ ਭਾਜਪਾ ਦੀ ਸਿਆਸੀ ਸਾਜ਼ਸ਼ ਦਾ ਹਿੱਸਾ ਹੈ ਅਤੇ ਪਾਰਟੀ ਸੁਕਮਾ ਜ਼ਿਲ੍ਹਾ ਹੈੱਡਕੁਆਰਟਰ ’ਚ ਦਫਤਰ ਦੀ ਇਮਾਰਤ ਦੀ ਉਸਾਰੀ ਲਈ ਵਰਤੇ ਗਏ ਇਕ-ਇਕ ਪੈਸੇ ਦਾ ਰੀਕਾਰਡ ਪੇਸ਼ ਕਰੇਗੀ।
ਲਖਮਾ (72) ਕੋਨਟਾ ਵਿਧਾਨ ਸਭਾ ਸੀਟ ਤੋਂ ਛੇ ਵਾਰ ਵਿਧਾਇਕ ਰਹੇ ਹਨ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਚ ਆਬਕਾਰੀ ਮੰਤਰੀ ਰਹਿ ਚੁਕੇ ਹਨ। ਹਰੀਸ਼ ਲਖਮਾ ਸੁਕਮਾ ’ਚ ਪੰਚਾਇਤ ਪ੍ਰਧਾਨ ਹਨ। (ਪੀਟੀਆਈ)
 
 
                     
                
 
	                     
	                     
	                     
	                     
     
     
     
     
     
                     
                     
                     
                     
                    