
ਲਾਲ ਕਿਲ੍ਹੇ ਤੋਂ ਜਸ਼ਨ ਦੀ ਅਗਵਾਈ ਕਰਨਗੇ ਪ੍ਰਧਾਨ ਮੰਤਰੀ ਮੋਦੀ, ਅਮ੍ਰਿਤ ਕਾਲ ’ਚ ਕਦਮ ਧਰੇਗਾ ਭਾਰਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗੱਸਤ ਨੂੰ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ 77ਵੇਂ ਸੁਤੰਤਰਤਾ ਦਿਵਸ ਸਮਾਰੋਹ ’ਚ ਦੇਸ਼ ਦੀ ਅਗਵਾਈ ਕਰਨਗੇ। ਰਖਿਆ ਮੰਤਰਾਲੇ ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਲਾਲ ਕਿਲ੍ਹੇ ’ਤੇ ਜਸ਼ਨਾਂ ਦਾ ਹਿੱਸਾ ਬਣਨ ਲਈ ਦੇਸ਼ ਭਰ ਤੋਂ ਵੱਖ-ਵੱਖ ਪੇਸ਼ਿਆਂ ਨਾਲ ਸਬੰਧਤ 1,800 ਲੋਕਾਂ ਨੂੰ ਉਨ੍ਹਾਂ ਦੇ ਜੀਵਨ ਸਾਥੀਆਂ ਦੇ ਨਾਲ ‘ਵਿਸ਼ੇਸ਼ ਮਹਿਮਾਨ’ ਵਜੋਂ ਸੱਦਾ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਇਸ ਇਤਿਹਾਸਕ ਸਮਾਰਕ ਤੋਂ ਦੇਸ਼ ਨੂੰ ਸੰਬੋਧਨ ਕਰਨਗੇ।
ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸਾਲ ਦਾ ਸੁਤੰਤਰਤਾ ਦਿਵਸ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਜਸ਼ਨਾਂ ਦੀ ਸਮਾਪਤੀ ਹੋਵੇਗਾ 2047 ਤਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਨਵੇਂ ਉਤਸ਼ਾਹ ਨਾਲ ‘ਅੰਮ੍ਰਿਤ ਕਾਲ’ ਵਿਚ ਕਦਮ ਧਰੇਗਾ। ‘ਆਜ਼ਾਦੀ ਦੇ ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 12 ਮਾਰਚ, 2021 ਨੂੰ ਅਹਿਮਦਾਬਾਦ, ਗੁਜਰਾਤ ’ਚ ਸਾਬਰਮਤੀ ਆਸ਼ਰਮ ਤੋਂ ਕੀਤੀ ਸੀ।
ਮੰਤਰਾਲੇ ਨੇ ਦਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵੱਡੀ ਗਿਣਤੀ ’ਚ ਮਹਿਮਾਨਾਂ ਨੂੰ ਸੱਦਾ ਦਿਤਾ ਗਿਆ ਹੈ। ਲਗਭਗ 1,800 ਲੋਕਾਂ ਨੂੰ ਉਨ੍ਹਾਂ ਦੇ ਜੀਵਨ ਸਾਥੀਆਂ ਸਮੇਤ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਹੈ। ਇਹ ਪਹਿਲਕਦਮੀ ਸਰਕਾਰ ਦੀ ‘ਜਨ ਭਾਗੀਦਾਰੀ’ ਪਹੁੰਚ ਅਨੁਸਾਰ ਕੀਤੀ ਗਈ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਵਿਸ਼ੇਸ਼ ਮਹਿਮਾਨਾਂ ’ਚ 660 ਤੋਂ ਵੱਧ ‘ਵਾਈਬਰੈਂਟ ਵਿਲੇਜ’ ਦੇ 400 ਤੋਂ ਵੱਧ ਸਰਪੰਚ, ਕਿਸਾਨ ਉਤਪਾਦਕ ਸੰਗਠਨ ਯੋਜਨਾ ਨਾਲ ਜੁੜੇ 250 ਲੋਕ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ 50-50 ਭਾਗੀਦਾਰ, ਨਵੇਂ ਸੰਸਦ ਭਵਨ ਸਮੇਤ ਸੈਂਟਰਲ ਵਿਸਟਾ ਪ੍ਰਾਜੈਕਟ ਨਾਲ ਜੁੜੇ 50 ਕਿਰਤ ਯੋਗੀ (ਨਿਰਮਾਣ ਮਜ਼ਦੂਰ) ਜੁੜੇ ਹੋਏ ਹਨ।
ਇਸ ਤੋਂ ਇਲਾਵਾ ਖਾਦੀ ਵਰਕਰ, ਸਰਹੱਦ ’ਤੇ ਸੜਕਾਂ ਦਾ ਨਿਰਮਾਣ, ਅੰਮ੍ਰਿਤ ਸਰੋਵਰ ਅਤੇ ਹਰ ਘਰ ਜਲ ਯੋਜਨਾ ਨਾਲ ਜੁੜੇ ਲੋਕ, ਨਾਲ ਹੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕ, ਨਰਸਾਂ ਅਤੇ ਮਛੇਰੇ ਵੀ ਸ਼ਾਮਲ ਹਨ। ਇਨ੍ਹਾਂ ’ਚੋਂ ਕੁਝ ਨਾਮਵਰ ਮਹਿਮਾਨ ਰਾਸ਼ਟਰੀ ਯੁੱਧ ਸਮਾਰਕ ਦਾ ਦੌਰਾ ਕਰਨ ਅਤੇ ਦਿੱਲੀ ਵਿਚ ਅਪਣੇ ਠਹਿਰਾਅ ਦੌਰਾਨ ਰਖਿਆ ਰਾਜ ਮੰਤਰੀ ਅਜੈ ਭੱਟ ਨਾਲ ਮੁਲਾਕਾਤ ਕਰਨ ਵਾਲੇ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਹਰ ਸੂਬਾ/ਕੇਂਦਰ ਸ਼ਾਸਤ ਪ੍ਰਦੇਸ਼ ਦੇ 75 ਜੋੜਿਆਂ ਨੂੰ ਵੀ ਉਨ੍ਹਾਂ ਦੇ ਰਵਾਇਤੀ ਪਹਿਰਾਵੇ ’ਚ ਲਾਲ ਕਿਲ੍ਹੇ ’ਚ ਸਮਾਰੋਹ ਵੇਖਣ ਲਈ ਸੱਦਾ ਦਿਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕੌਮੀ ਜੰਗੀ ਸਮਾਰਕ, ਇੰਡੀਆ ਗੇਟ, ਵਿਜੇ ਚੌਕ, ਨਵੀਂ ਦਿੱਲੀ ਰੇਲਵੇ ਸਟੇਸ਼ਨ, ਪ੍ਰਗਤੀ ਮੈਦਾਨ, ਰਾਜ ਘਾਟ, ਜਾਮਾ ਮਸਜਿਦ ਮੈਟਰੋ ਸਟੇਸ਼ਨ, ਰਾਜੀਵ ਚੌਕ ਮੈਟਰੋ ਸਟੇਸ਼ਨ, ਦਿੱਲੀ ਗੇਟ ਮੈਟਰੋ ਸਟੇਸ਼ਨ, ਆਈ.ਟੀ.ਓ. ਮੈਟਰੋ ਗੇਟ, ਨੌਬਤ ਖਾਨਾ ਅਤੇ ਸ਼ੀਸ਼ ਗੰਜ ਸਮੇਤ 12 ਥਾਵਾਂ ’ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪਹਿਲਕਦਮੀਆਂ ਨੂੰ ਸਮਰਪਿਤ ‘ਸੈਲਫੀ ਪੁਆਇੰਟ’ ਬਣਾਏ ਗਏ ਹਨ।
ਬਿਆਨ ’ਚ ਕਿਹਾ ਗਿਆ ਹੈ ਕਿ ਜਸ਼ਨਾਂ ਦੇ ਹਿੱਸੇ ਵਜੋਂ, ਰਖਿਆ ਮੰਤਰਾਲੇ ਵਲੋਂ ਮਾਈਗਵ ਪੋਰਟਲ ’ਤੇ 15-20 ਅਗੱਸਤ ਤਕ ਇਕ ਆਨਲਾਈਨ ਸੈਲਫੀ ਮੁਕਾਬਲਾ ਕੀਤਾ ਜਾਵੇਗਾ। ਸਾਰੇ ਅਧਿਕਾਰਤ ਸੱਦੇ ਸੱਦਾ ਪੋਰਟਲ ਰਾਹੀਂ ਆਨਲਾਈਨ ਭੇਜੇ ਗਏ ਹਨ। ਇਸ ਪੋਰਟਲ ਰਾਹੀਂ 17,000 ਈ-ਇਨਵੀਟੇਸ਼ਨ ਕਾਰਡ ਜਾਰੀ ਕੀਤੇ ਗਏ ਹਨ।
ਮੰਤਰਾਲੇ ਨੇ ਕਿਹਾ ਕਿ ਲਾਲ ਕਿਲ੍ਹੇ 'ਤੇ ਪਹੁੰਚਣ 'ਤੇ ਪ੍ਰਧਾਨ ਮੰਤਰੀ ਦਾ ਰੱਖਿਆ ਮੰਤਰੀ ਰਾਜਨਾਥ ਸਿੰਘ, ਰੱਖਿਆ ਰਾਜ ਮੰਤਰੀ ਅਜੇ ਭੱਟ ਅਤੇ ਰੱਖਿਆ ਸਕੱਤਰ ਗਿਰਿਧਰ ਅਰਮਾਨੇ ਸਵਾਗਤ ਕਰਨਗੇ। ਇਸ ਤੋਂ ਬਾਅਦ, ਜਨਰਲ ਆਫੀਸਰ ਕਮਾਂਡਿੰਗ (ਜੀਓਸੀ), ਦਿੱਲੀ ਏਰੀਆ ਲੈਫਟੀਨੈਂਟ ਜਨਰਲ ਧੀਰਜ ਸੇਠ ਪ੍ਰਧਾਨ ਮੰਤਰੀ ਨੂੰ ਸਲਾਮੀ ਵਾਲੀ ਥਾਂ 'ਤੇ ਲੈ ਕੇ ਜਾਣਗੇ। ਉੱਥੇ ਇੱਕ ਸੰਯੁਕਤ ਅੰਤਰ-ਸੇਵਾ ਅਤੇ ਦਿੱਲੀ ਪੁਲਿਸ ਦਾ ਗਾਰਡ ਪ੍ਰਧਾਨ ਮੰਤਰੀ ਨੂੰ ਸਲਾਮੀ ਦੇਵੇਗਾ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੇ 'ਗਾਰਡ ਆਫ ਆਨਰ' ਦਲ ਵਿੱਚ ਫੌਜ, ਹਵਾਈ ਸੈਨਾ ਅਤੇ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਅਤੇ 25-25 ਕਰਮਚਾਰੀ ਅਤੇ ਜਲ ਸੈਨਾ ਦਾ ਇੱਕ ਅਧਿਕਾਰੀ ਅਤੇ 24 ਕਰਮਚਾਰੀ ਸ਼ਾਮਲ ਹੋਣਗੇ। ਭਾਰਤੀ ਫੌਜ ਇਸ ਸਾਲ ਲਈ ਤਾਲਮੇਲ ਸੇਵਾ ਦੀ ਭੂਮਿਕਾ ਵਿੱਚ ਹੈ। ਮੇਜਰ ਵਿਕਾਸ ਸਾਂਗਵਾਨ 'ਗਾਰਡ ਆਫ਼ ਆਨਰ' ਦੀ ਕਮਾਨ ਸੰਭਾਲਣਗੇ।
ਬਿਆਨ 'ਚ ਕਿਹਾ ਗਿਆ ਹੈ ਕਿ ਦਿੱਲੀ ਖੇਤਰ ਦੇ ਜੀ.ਓ.ਸੀ. ਪ੍ਰਧਾਨ ਮੰਤਰੀ ਨੂੰ ਝੰਡਾ ਲਹਿਰਾਉਣ ਲਈ ਮੰਚ ’ਤੇ ਲੈ ਕੇ ਜਾਣਗੇ। ਝੰਡਾ ਲਹਿਰਾਉਣ ਤੋਂ ਬਾਅਦ ਤਿਰੰਗੇ ਨੂੰ ‘ਰਾਸ਼ਟਰੀ ਸਲਾਮੀ’ ਦਿਤੀ ਜਾਵੇਗੀ। ਆਰਮੀ ਬੈਂਡ, ਜਿਸ ’ਚ ਇਕ ਜੇ.ਸੀ.ਓ. ਅਤੇ 20 ਹੋਰ ਫੌਜੀ ਜਵਾਨ ਸ਼ਾਮਲ ਹਨ, ਰਾਸ਼ਟਰੀ ਝੰਡਾ ਲਹਿਰਾਉਣ ਅਤੇ ‘ਰਾਸ਼ਟਰੀ ਸਲਾਮੀ’ ਦੀ ਪੇਸ਼ਕਾਰੀ ਦੌਰਾਨ ਰਾਸ਼ਟਰੀ ਗੀਤ ਵਜਾਉਣਗੇ। ਬੈਂਡ ਦਾ ਸੰਚਾਲਨ ਨਾਇਬ ਸੂਬੇਦਾਰ ਜਤਿੰਦਰ ਸਿੰਘ ਕਰਨਗੇ।
ਮੰਤਰਾਲੇ ਨੇ ਕਿਹਾ ਕਿ ਮੇਜਰ ਨਿਕਿਤਾ ਨਾਇਰ ਅਤੇ ਮੇਜਰ ਜੈਸਮੀਨ ਕੌਰ ਰਾਸ਼ਟਰੀ ਝੰਡਾ ਲਹਿਰਾਉਣ ’ਚ ਪ੍ਰਧਾਨ ਮੰਤਰੀ ਦੀ ਮਦਦ ਕਰਨਗੇ। ਵਿਸ਼ੇਸ਼ 8711 ਫੀਲਡ ਬੈਟਰੀ (ਰਸਮੀ) ਦੇ ਬਹਾਦਰ ਬੰਦੂਕਧਾਰੀਆਂ ਵਲੋਂ 21 ਤੋਪਾਂ ਦੀ ਸਲਾਮੀ ਨਾਲ ਇਸ ਪ੍ਰੋਗਰਾਮ ਦਾ ਤਾਲਮੇਲ ਕੀਤਾ ਜਾਵੇਗਾ। ਲੈਫਟੀਨੈਂਟ ਕਰਨਲ ਵਿਕਾਸ ਕੁਮਾਰ ਸੈਰੇਮੋਨੀਅਲ ਬੈਟਰੀ ਦੀ ਕਮਾਨ ਸੰਭਾਲਣਗੇ ਅਤੇ ਨਾਇਬ ਸੂਬੇਦਾਰ (ਏ.ਆਈ.ਜੀ.) ਅਨੂਪ ਸਿੰਘ ਗਨ ਪੋਜੀਸ਼ਨ ਅਫਸਰ ਹੋਣਗੇ।
ਜਿਵੇਂ ਹੀ ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ, ਭਾਰਤੀ ਹਵਾਈ ਸੈਨਾ ਦੇ ਦੋ ਐਡਵਾਂਸਡ ਲਾਈਟ ਹੈਲੀਕਾਪਟਰ ਮਾਰਕ-3 ਧਰੁਵ ਵਲੋਂ ਪ੍ਰੋਗਰਾਮ ਵਾਲੀ ਥਾਂ ’ਤੇ ਫੁੱਲਾਂ ਦਾ ਮੀਂਹ ਪਾਇਆ ਜਾਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ।
ਬਿਆਨ ਅਨੁਸਾਰ, ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਸਮਾਪਤੀ ’ਤੇ, ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਦੇ ਕੈਡਿਟ ਰਾਸ਼ਟਰੀ ਗੀਤ ਗਾਉਣਗੇ। ਦੇਸ਼ ਭਰ ਦੇ ਵੱਖ-ਵੱਖ ਸਕੂਲਾਂ ਤੋਂ 110 ਲੜਕੇ ਅਤੇ ਲੜਕੀਆਂ ਐਨ.ਸੀ.ਸੀ. ਕੈਡਿਟ (ਆਰਮੀ, ਨੇਵੀ ਅਤੇ ਏਅਰ ਫੋਰਸ) ਹਿੱਸਾ ਲੈਣਗੇ। ਗਿਆਨਪੱਥ ’ਤੇ ਸੀਟਾਂ ਰਖੀਆਂ ਗਈਆਂ ਹਨ, ਜਿਨ੍ਹਾਂ ’ਤੇ ਕੈਡਿਟ ਸਰਕਾਰੀ ਚਿੱਟੇ ਪਹਿਰਾਵੇ ’ਚ ਬੈਠਣਗੇ। ਇਸ ਤੋਂ ਇਲਾਵਾ, ਸਮਾਗਮ ਦੇ ਹਿੱਸੇ ਵਜੋਂ ਐਨ.ਸੀ.ਸੀ. ਕੈਡਿਟਾਂ ਨੂੰ ਗਿਆਨ ਮਾਰਗ ’ਤੇ ਬਿਰਾਜਮਾਨ ਕੀਤਾ ਜਾਵੇਗਾ। ਇਕ ਹੋਰ ਆਕਰਸ਼ਣ ਜੀ-20 ਚਿੰਨ੍ਹ ਹੋਵੇਗਾ, ਜੋ ਕਿ ਲਾਲ ਕਿਲ੍ਹੇ ’ਤੇ ਫੁੱਲਾਂ ਦੀ ਸਜਾਵਟ ਦਾ ਹਿੱਸਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਡੀਪੀ ਵਿਚ ਤਿਰੰਗੇ ਦੀ ਤਸਵੀਰ ਪਾਉਣ ਦੀ ਅਪੀਲ ਕੀਤੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਹਰ ਘਰ ਤਿਰੰਗਾ’ ਮੁਹਿੰਮ ਦੇ ਹਿੱਸੇ ਵਜੋਂ ਐਤਵਾਰ ਨੂੰ ਲੋਕਾਂ ਨੂੰ ਅਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡਿਸਪਲੇ ਪਿਕਚਰ (ਡੀਪੀ) ਵਿਚ ਤਿਰੰਗੇ ਦੀ ਤਸਵੀਰ ਲਾਉਣ ਦੀ ਅਪੀਲ ਕੀਤੀ। ਮੋਦੀ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਡੀ.ਪੀ. ’ਚ ਰਾਸ਼ਟਰੀ ਝੰਡੇ ਦੀ ਤਸਵੀਰ ਵੀ ਲਾਈ ਹੈ।
ਪ੍ਰਧਾਨ ਮੰਤਰੀ ਨੇ ਸ਼ੁਕਰਵਾਰ ਨੂੰ ਲੋਕਾਂ ਨੂੰ 13 ਤੋਂ 15 ਅਗੱਸਤ ਤਕ ‘ਹਰ ਘਰ ਤਿਰੰਗਾ’ ਅੰਦੋਲਨ ’ਚ ਹਿੱਸਾ ਲੈਣ ਦਾ ਸੱਦਾ ਦਿਤਾ। ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਲਿਖਿਆ: ‘‘ਹਰ ਘਰ ਤਿਰੰਗਾ ਅੰਦੋਲਨ ਦੀ ਭਾਵਨਾ ਵਿਚ, ਆਉ ਅਸੀਂ ਅਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਡੀਪੀ ਬਦਲੀਏ ਅਤੇ ਇਸ ਵਿਲੱਖਣ ਪਹਿਲਕਦਮੀ ਦਾ ਸਮਰਥਨ ਕਰੀਏ ਜੋ ਸਾਡੇ ਪਿਆਰੇ ਦੇਸ਼ ਅਤੇ ਸਾਡੇ ਵਿਚਕਾਰ ਬੰਧਨ ਨੂੰ ਹੋਰ ਡੂੰਘਾ ਕਰੇਗਾ।’’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਵੈੱਬਸਾਈਟ ’ਤੇ ਦੇਸ਼ ਦੇ ਝੰਡੇ ਨਾਲ ਅਪਣੀਆਂ ਤਸਵੀਰਾਂ ਅਪਲੋਡ ਕਰਨ ਦੀ ਅਪੀਲ ਕੀਤੀ ਹੈ।