
ਬਲਾਤਕਾਰ ਮਾਮਲੇ 'ਚ ਹੁਣ ਤਕ FIR ਦਰਜ ਨਹੀਂ ਹੋਈ
ਲਖਨਊ : ਸ਼ਾਹਜਹਾਂਪੁਰ ਮਾਮਲੇ 'ਚ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਆਗੂ ਚਿਨਮਯਾਨੰਦ ਤੋਂ ਵੀਰਵਾਰ ਸ਼ਾਮ ਤੋਂ ਦੇਰ ਰਾਤ ਤਕ ਲਗਭਗ 7 ਘੰਟੇ ਪੁਛਗਿਛ ਕੀਤੀ। ਇਸ ਦੌਰਾਨ ਐਸਆਈਟੀ ਨੇ ਯੂਪੀ ਪੁਲਿਸ ਤੋਂ ਵੀ ਚਿਨਮਯਾਨੰਦ ਕੇਸ 'ਚ ਪੁਛਗਿਛ ਕੀਤੀ। ਵਿਸ਼ੇਸ਼ ਜਾਂਚ ਟੀਮ ਨੇ ਵੀਰਵਾਰ ਲਗਭਗ 6:20 ਵਜੇ ਪੁਛਗਿਛ ਸ਼ੁਰੂ ਕੀਤੀ ਸੀ, ਜੋ ਦੇਰ ਰਾਤ 1 ਵਜੇ ਤਕ ਚੱਲੀ। ਪੁਲਿਸ ਦੇ ਸੂਤਰਾਂ ਮੁਤਾਬਕ ਚਿਨਮਯਾਨੰਦ ਤੋਂ ਉਹ ਸਵਾਲ ਵੀ ਕੀਤੇ ਗਏ ਜਿਸ ਬਾਰੇ ਲੜਕੀ ਅਤੇ ਉਸ ਦੇ ਪਰਵਾਰ ਵਾਲਿਆਂ ਨੇ ਦੋਸ਼ ਲਗਾਏ ਸਨ।
Swami Chinmayanand
ਚਿਨਮਯਾਨੰਦ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਜਾਂਚ 'ਚ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਜੇ ਦੁਬਾਰਾ ਬੁਲਾਇਆ ਗਿਆ ਤਾਂ ਉਹ ਫਿਰ ਆਉਣਗੇ। ਯੂਪੀ ਪੁਲਿਸ ਨੇ ਚਿਨਮਯਾਨੰਦ ਤੋਂ ਸਵਾਲੀ ਕੀਤੇ, ਪਰ ਬਲਾਤਕਾਰ ਮਾਮਲੇ 'ਚ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ। ਉਧਰ ਐਸਆਈਟੀ ਨੇ ਸ਼ੁਕਰਵਾਰ ਨੂੰ ਚਿਨਮਯਾਨੰਦ ਦਾ ਦਿਵਿਯਾ ਆਸ਼ਰਮ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਐਸਆਈਟੀ ਟੀਮ ਜਾਂਚ ਲਈ ਪੀੜਤ ਵਿਦਿਆਰਥਣ ਨੂੰ ਲੈ ਕੇ ਚਿਨਮਯਾਨੰਦ ਦੀ ਰਿਹਾਇਸ਼ 'ਤੇ ਵੀ ਪੁੱਜੀ। ਚਿਨਮਯਾਨੰਦ 'ਤੇ ਉਨ੍ਹਾਂ ਦੇ ਲਾਅ ਕਾਲਜ ਦੀ ਵਿਦਿਆਰਥਣ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਕਾਲਜ ਪ੍ਰਬੰਧਨ ਨੇ ਤਿੰਨ ਦਿਨ ਲਈ ਕਾਲਜ 'ਚ ਛੁੱਟੀ ਘੋਸ਼ਿਤ ਕੀਤੀ ਹੈ।
Chinmayanand case: BJP leader, accused of rape, questioned for 7 hours
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਇਕ ਨਿੱਜੀ ਲਾਅ ਕਾਲਜ ਦੀ ਵਿਦਿਆਰਥਣ ਵਲੋਂ ਚਿਨਮਯਾਨੰਦ 'ਤੇ ਵਿਦਿਆਰਥਣਾਂ ਨਾਲ ਸਰੀਰਕ ਸੋਸ਼ਣ ਦਾ ਦੋਸ਼ ਲਗਾਉਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਸੀ। ਲੜਕੀ ਨੇ ਵੀਡੀਓ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਨੂੰ ਇਸ ਨੇਤਾ ਤੋਂ ਬਚਾਇਆ ਜਾਵੇ, ਜੋ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਇਸ ਮਾਮਲੇ ਦੀ ਜਾਂਚ ਯੂਪੀ ਸਰਕਾਰ ਵੱਲੋਂ ਗਠਿਤ ਐਸਆਈਟੀ ਕਰ ਰਹੀ ਹੈ।
Chinmayanand case: BJP leader, accused of rape, questioned for 7 hours
ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਚਿਨਮਯਾਨੰਦ ਜਿਹਾ ਵਿਖਾਈ ਦੇਣ ਵਾਲਾ ਇਕ ਵਿਅਕਤੀ ਬਗੈਰ ਕਪੜਿਆਂ ਦੇ ਇਕ ਲੜਕੀ ਤੋਂ ਮਸਾਜ਼ ਕਰਵਾਉਂਦੇ ਨਜ਼ਰ ਆ ਰਿਹਾ ਹੈ। ਵੀਡੀਓ 'ਚ ਚਿਨਮਯਾਨੰਦ ਜਿਹਾ ਵਿਖਾਈ ਦੇਣ ਵਾਲੇ ਵਿਅਕਤੀ ਅਤੇ ਮਸਾਜ਼ ਕਰਨ ਵਾਲੀ ਲੜਕੀ ਦੀ ਗੱਲਬਾਤ ਤੋਂ ਅੰਦਾਜ਼ਾ ਹੁੰਦਾ ਹੈ ਕਿ ਲੜਕੀ ਕਾਲਜ ਦੀ ਵਿਦਿਆਰਥਣ ਹੈ, ਕਿਉਂਕਿ ਉਹ ਇਸ ਨੂੰ ਉਸ ਦੀ ਪੜ੍ਹਾਈ ਵਗੈਰਾ ਬਾਰੇ ਪੁੱਛ ਰਿਹਾ ਹੈ। ਜ਼ਿਆਦਾਤਰ ਵੀਡੀਓ ਰਿਕਾਰਡਿੰਗ 'ਤੇ 31 ਜਨਵਰੀ 2014 ਦੀ ਤਰੀਕ ਵਿਖਾਈ ਦੇ ਰਹੀ ਹੈ। ਵੀਡੀਓ ਸਵੇਰ ਦੀ ਲੱਗਦੀ ਹੈ, ਕਿਉਂਕਿ ਸਵੇਰ ਦੀ ਧੁੱਪ ਖਿੜਕੀ ਤੋਂ ਕਮਰੇ ਅੰਦਰ ਆ ਰਹੀ ਹੈ ਅਤੇ ਚਿੜੀਆਂ ਚਹਿਕ ਰਹੀਆਂ ਹਨ। ਵੀਡੀਓ 'ਚ ਵਿਅਕਤੀ ਅਤੇ ਲੜਕੀ ਦੀ ਗੱਲਬਾਤ ਨਿੱਜੀ ਹੈ ਅਤੇ ਜਨਤਕ ਕਰਨ ਦੇ ਯੋਗ ਨਹੀਂ ਹੈ। ਇਸ ਵੀਡੀਓ ਨੂੰ ਪੋਸਟ ਕਰਨ ਸਮੇਂ ਲਿਖਿਆ ਗਿਆ ਹੈ ਕਿ ਮਾਲਸ਼ ਕਰ ਰਹੀ ਲੜਕੀ ਨੇ ਇਹ ਵੀਡੀਓ ਚਸ਼ਮੇ 'ਚ ਲੱਗੇ ਕੈਮਰੇ ਨਾਲ ਬਣਾਈ ਹੈ।