
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਐਲਾਨ ਕੀਤਾ ਹੈ ਕਿ ਉਹ 2 ਅਕਤੂਬਰ ਨੂੰ ਨਵੀਂ ਧਾਰਮਕ ਪਾਰਟੀ ਬਣਾ ਕੇ...
ਨਵੀਂ ਦਿੱਲੀ (ਅਮਨਦੀਪ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਐਲਾਨ ਕੀਤਾ ਹੈ ਕਿ ਉਹ 2 ਅਕਤੂਬਰ ਨੂੰ ਨਵੀਂ ਧਾਰਮਕ ਪਾਰਟੀ ਬਣਾ ਕੇ, ਦਿੱਲੀ ਦੇ ਸਿੱਖਾਂ ਦੀ ਕਚਹਿਰੀ ਵਿਚ ਜਾਣਗੇ ਅਤੇ ਦਿੱਲੀ ਗੁਰਦਵਾਰਾ ਕਮੇਟੀ ਦੀਆਂ 2021 ਵਿਚ ਹੋਣ ਵਾਲੀਆਂ ਚੋਣਾਂ ਵਿਚ ਹਿੱਸਾ ਲੈਣਗੇ। ਉਨ੍ਹਾਂ ਬਾਦਲਾਂ 'ਤੇ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਦੇ ਦੋਸ਼ ਲਾਏ ਤੇ ਸਿੱਖਾਂ ਦੇ ਕੰਮ ਕਰਵਾਉਣ ਲਈ ਮੋਦੀ ਸਰਕਾਰ ਦੀ ਤਾਰੀਫ਼ ਵੀ ਕੀਤੀ ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਨੂੰ ਦਿੱਲੀ ਕਮੇਟੀ ਤੋਂ ਬਾਹਰ ਕਰਨ ਲਈ ਉਹ ਭਾਜਪਾ ਦੀ ਅਸਿੱਧੀ ਹਮਾਇਤ ਵੀ ਲੈ ਸਕਦੇ ਹਨ।
Delhi Sikh Gurdwara Management Committee
ਉਨ੍ਹਾਂ ਇਹ ਵੀ ਮੰਨਿਆ ਕਿ ਗੁਰਦਵਾਰਾ ਸਿਆਸਤ ਵਿਚ ਮਾਫ਼ੀਆ ਸਰਗਰਮ ਹੈ। ਅੱਜ ਇਥੇ ਸੱਦੀ ਪੱਤਰਕਾਰ ਮਿਲਣੀ ਵਿਚ ਸ.ਜੀ.ਕੇ. ਨੇ ਦਾਅਵਾ ਕੀਤਾ,“ਸੀਨੀਅਰ ਬਾਦਲਾਂ ਤੋਂ ਲੈ ਕੇ ਦਿੱਲੀ ਕਮੇਟੀ ਦੇ, ਹੇਠਲਿਆਂ ਤਕ ਨੇ ਉਨ੍ਹਾਂ ਨਾਲ ਵਿਸਾਹਘਾਤ ਕੀਤਾ ਹੈ ਤੇ ਜ਼ਲੀਲ ਕਰ ਕੇ ਅਤੇ ਸਾਜ਼ਸ਼ਾਂ ਰੱਚ ਕੇ, ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਤੇ ਕੇਸ ਪਾਏ ਗਏ, ਫਿਰ ਵੀ ਉਨ੍ਹਾਂ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿਤਾ ਸੀ, ਇਸ ਦੇ ਬਾਵਜੂਦ ਬਾਦਲਾਂ ਨੇ ਉਨ੍ਹਾਂ ਨੂੰ ਸਿਆਸੀ ਮੌਤ ਮਾਰਨ ਤੋਂ ਗੁਰੇਜ਼ ਨਹੀਂ ਕੀਤਾ। ਜਦੋਂ ਕਿ ਉਹ ਆਪ ਸ਼੍ਰੋਮਣੀ ਕਮੇਟੀ ਦੀ ਚੋਣਾਂ ਨਾ ਹੋਣ ਦੇਣ ਲਈ ਗ੍ਰਹਿ ਮੰਤਰੀ ਦੇ ਪੈਰਾਂ 'ਤੇ ਬਹਿ ਜਾਂਦੇ ਹਨ।''
Rozana Spokesman
ਜਦੋਂ 'ਸਪੋਕਸਮੈਨ' ਵਲੋਂ ਪੁਛਿਆ ਗਿਆ ਕਿ ਕੀ ਜਦੋਂ ਤੁਸੀਂ ਬਿਨਾਂ ਸਿੱਖਾਂ ਦੀ ਸਲਾਹ ਦੇ ਅਪਣੀ ਪੁਰਾਣੀ ਪਾਰਟੀ ਜਿਸ ਦਾ ਸਿੱਖਾਂ ਵਿਚ ਚੰਗਾ ਅਕਸ ਸੀ, ਨੂੰ ਬਾਦਲ ਦਲ ਵਿਚ ਰਲਾ ਦਿਤਾ ਸੀ, ਕੀ ਉਹ ਦਿੱਲੀ ਦੇ ਸਿੱਖਾਂ ਨਾਲ ਧੋਖਾ ਨਹੀਂ ਸੀ, ਫਿਰ ਕਿੰਞ ਸਿੱਖ ਮੁੜ ਤੁਹਾਡੇ 'ਤੇ ਯਕੀਨ ਕਰਨ ਕਿ ਮੁੜ ਉਹੀ ਧੋਖਾ ਨਹੀਂ ਹੋਵੇਗਾ? ਕੀ ਭਾਜਪਾ ਨਾਲ ਵੀ ਕੋਈ ਸੌਦੇਬਾਜ਼ੀ ਹੋਵੇਗੀ?
ਤਾਂ ਸ.ਜੀ.ਕੇ. ਨੇ ਕਿਹਾ,“ਜੇ ਮੈਂ ਸਿੱਖਾਂ ਨੂੰ ਧੋਖਾ ਦਿਤਾ ਹੁੰਦਾ ਤਾਂ 2013 ਦੀਆਂ ਚੋਣਾਂ ਤੇ 2017 ਦੀਆਂ ਚੋਣਾਂ ਵਿਚ ਮੈਨੰ ਜਿੱਤ ਨਾ ਮਿਲਣੀ। ਕਿਉਂਕਿ ਮੈਂ ਅਪਣੇ ਤੌਰ 'ਤੇ ਇਕੱਲੇ ਸਿੱਖਾਂ ਦੇ ਮਸਲੇ ਹੱਲ ਨਹੀਂ ਕਰ ਸਕਦਾ ਸੀ, ਇਸ ਲਈ ਰਲੇਵਾਂ ਕੀਤਾ ਗਿਆ ਸੀ। ਭਾਜਪਾ ਤੋਂ ਅਸੀ ਸਿੱਖਾਂ ਦੇ ਕੰਮ ਕਰਵਾਉਣ ਵਿਚ ਕਾਮਯਾਬ ਰਹੇ ਹਾਂ। ਜਿਹੜੀ ਪਾਰਟੀ ਕੰਮ ਕਰੇਗੀ, ਉਸ ਦੀ ਹਮਾਇਤ ਕਰਾਂਗੇ।''