
ਝੁੱਗੀਆਂ ਨੂੰ ਹਟਾਉਣ ਲਈ ਮੌਕੇ 'ਤੇ ਤੈਨਾਤ ਵਣ ਗਾਰਡ ਕੁੰਦਨ ਸਿੰਘ ਦਾ ਕਹਿਣਾ ਹੈ ਕਿ ਡੀ.ਡੀ.ਏ. ਤੋਂ ਇਹ ਜਗ੍ਹਾ ਵਣ ਵਿਭਾਗ ਨੂੰ ਮਿਲੀ ਹੈ।
ਨਵੀਂ ਦਿੱਲੀ: ਪ੍ਰਸ਼ਾਸਨ ਨੇ ਦਿੱਲੀ ਵਿਚ ਯਮੁਨਾ ਬੈਂਕ ਮੈਟਰੋ (ਦਿੱਲੀ) ਨੇੜੇ ਯਮੁਨਾ ਖੱਦਰ ਖੇਤਰ ਵਿਚ ਸੈਂਕੜੇ ਝੁੱਗੀਆਂ ਨੂੰ ਤੋੜ ਦਿੱਤਾ। ਵਣ ਵਿਭਾਗ ਵੱਲੋਂ ਕਿਹਾ ਗਿਆ ਕਿ ਡੀਡੀਏ ਨੇ ਇਹ ਜ਼ਮੀਨ ਵਣ ਵਿਭਾਗ ਨੂੰ ਦਿੱਤੀ ਹੈ। ਇਥੇ ਰੁੱਖ ਲਗਾਏ ਜਾਣਗੇ। ਯਮੁਨਾ ਖੱਦਰ ਵਿਚ ਰਹਿੰਦੇ ਸਥਾਨਕ ਲੋਕਾਂ ਅਨੁਸਾਰ 500 ਤੋਂ ਵੱਧ ਝੁੱਗੀਆਂ ਨੂੰ ਖੱਦਰ ਖੇਤਰ ਵਿਚ ਤੋੜ ਦਿੱਤਾ ਗਿਆ ਸੀ।
Slum Destroyed
ਪ੍ਰਸ਼ਾਸਨ ਸ਼ਨੀਵਾਰ ਸਵੇਰ ਤੋਂ ਜੇਸੀਬੀ, ਅਰਧ ਸੈਨਿਕ ਬਲ ਅਤੇ ਪੁਲਿਸ ਨਾਲ ਇਥੇ ਪਹੁੰਚਿਆ ਜਿਸ ਤੋਂ ਬਾਅਦ ਇੱਥੇ ਝੁੱਗੀਆਂ ਨੂੰ ਤੋੜਨ ਦੀ ਮੁਹਿੰਮ ਚਲਾਈ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਨੋਟਿਸ ਤੋਂ ਹੀ ਇਹ ਝੁੱਗੀਆਂ ਨੂੰ ਤੋੜਿਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਜੇ ਅਦਾਲਤ ਵਿਚ ਹੈ।
Slum Destroyed
ਇਸ ਦੇ ਬਾਵਜੂਦ ਇਥੇ ਝੁੱਗੀਆਂ ਨੂੰ ਢਾਹਿਆ ਜਾ ਰਿਹਾ ਹੈ। ਇੱਥੋਂ ਦੇ ਲੋਕ ਕਹਿੰਦੇ ਹਨ ਕਿ ਉਹ ਲਗਭਗ 30-40 ਸਾਲਾਂ ਤੋਂ ਇਥੇ ਰਹਿ ਰਹੇ ਹਨ, ਹੁਣ ਝੁੱਗੀਆਂ ਨੂੰ ਬਿਨ੍ਹਾਂ ਨੋਟਿਸ ਦੇ ਢਾਹ ਦਿੱਤਾ ਗਿਆ ਹੈ। ਇੱਥੇ ਰਹਿੰਦੇ ਹਜ਼ਾਰਾਂ ਲੋਕ ਝੁੱਗੀਆਂ ਦੇ ਟੁੱਟਣ ਕਾਰਨ ਬੇਘਰ ਹੋ ਗਏ ਹਨ। ਝੁੱਗੀਆ ਵਿਚ ਰਹਿੰਦੇ ਇਕ ਵਿਅਕਤੀ ਨੇ ਕਿਹਾ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਬਿਨ੍ਹਾਂ ਨੋਟਿਸ ਦੇ ਹੀ ਝੁੱਗੀਆਂ ਨੂੰ ਹਟਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਹਨਾਂ ਨੂੰ ਸਮਾਨ ਹਟਾਉਣ ਲਈ ਵੀ ਸਮਾਂ ਨਹੀਂ ਦਿੱਤਾ ਗਿਆ।
Slum Destroyed
ਝੁੱਗੀਆਂ ਨੂੰ ਹਟਾਉਣ ਲਈ ਮੌਕੇ 'ਤੇ ਤੈਨਾਤ ਵਣ ਗਾਰਡ ਕੁੰਦਨ ਸਿੰਘ ਦਾ ਕਹਿਣਾ ਹੈ ਕਿ ਡੀ.ਡੀ.ਏ. ਤੋਂ ਇਹ ਜਗ੍ਹਾ ਵਣ ਵਿਭਾਗ ਨੂੰ ਮਿਲੀ ਹੈ। ਇਨ੍ਹਾਂ ਝੁੱਗੀਆਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਇੱਥੇ ਰੁੱਖ ਲਗਾਏ ਜਾਣਗੇ। ਕੁੰਦਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਇਕ ਹਫ਼ਤਾ ਪਹਿਲਾਂ ਜ਼ੁਬਾਨੀ ਦੱਸਿਆ ਗਿਆ ਸੀ। ਅੱਜ ਝੁੱਗੀਆਂ ਨੂੰ ਹਟਾਉਣ ਦੀਆਂ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਜਾਣਗੀਆਂ। ਇਸ ਤੋਂ ਬਾਅਦ ਕਿਸੇ ਨੂੰ ਵੀ ਇਥੇ ਨਹੀਂ ਰਹਿਣ ਦਿੱਤਾ ਜਾਵੇਗਾ।