
ਭਾਰਤੀ ਫ਼ੌਜ ਵਲੋਂ ਪਾਕਿ ਦੇ ਕਈ ਲਾਂਚਿੰਗ ਪੈਡ, ਤੇਲ ਡਿਪੂ ਅਤੇ ਬੰਕਰ ਤਬਾਹ
ਜੰਮੂ, 13 ਨਵੰਬਰ: ਦੀਵਾਲੀ ਤੋਂ ਪਹਿਲਾਂ ਪਾਕਿਸਤਾਨ ਨੇ ਇਕ ਵਾਰ ਮੁੜ ਭੈੜੀ ਹਰਕਤ ਕੀਤੀ ਹੈ। ਤਿਉਹਾਰ ਦੌਰਾਨ ਮਾਹੌਲ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਨੇ ਸ਼ੁਕਰਵਾਰ ਸਵੇਰੇ ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ ਅਤੇ ਹੋਰ ਕਈ ਥਾਵਾਂ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ।
ਪਾਕਿਸਤਾਨੀ ਫ਼ੌਜ ਨੇ ਸ਼ੁਕਰਵਾਰ ਸਵੇਰੇ ਐਲਓਸੀ ਵਿਖੇ ਜੰਗਬੰਦੀ ਦੀ ਉਲੰਘਣਾ ਕੀਤੀ। ਪਾਕਿਸਤਾਨ ਫ਼ੌਜ ਦੀ ਗੋਲੀਬਾਰੀ ਵਿਚ ਬੀਐਸਐਫ਼ ਅਤੇ ਆਰਮੀ ਦੇ 4 ਜਵਾਨ ਸ਼ਹੀਦ ਹੋ ਗਏ, 6 ਆਮ ਨਾਗਰਿਕਾਂ ਦੀ ਵੀ ਮੌਤ ਹੋਈ ਹੈ। ਜਵਾਬੀ ਕਾਰਵਾਈ ਵਿਚ ਸੈਨਾ ਨੇ 3 ਪਾਕਿਸਤਾਨੀ ਸੈਨਾ ਦੇ ਕਮਾਂਡੋ, 5 ਸੈਨਿਕ ਸਣੇ 11 ਨੂੰ ਢੇਰ ਕਰ ਦਿਤਾ।
ਪਾਕਿ ਫ਼ੌਜ ਨੇ ਜੰਮੂ ਕਸ਼ਮੀਰ ਦੇ ਪੁਣਛ, ਕੇਰਨ, ਗੁਰੇਜ਼ ਸੈਕਟਰ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ। ਕੁਪਵਾੜਾ ਤੋਂ ਬਾਰਾਮੂਲਾ ਤਕ ਪਾਕਿਸਤਾਨੀ ਫ਼ੌਜ ਨੇ ਗੋਲੀਬਾਰੀ ਕੀਤੀ ਹੈ।
ਬੀਐਸਐਫ਼ ਦੇ ਸਬ ਇੰਸਪੈਕਟਰ ਰਾਕੇਸ਼ ਡੋਭਾਲ ਪਾਕਿਸਤਾਨ ਦੀ ਗੋਲੀਬਾਰੀ ਵਿਚ ਬਾਰਾਮੂਲਾ ਸੈਕਟਰ ਵਿਚ ਸ਼ਹੀਦ ਹੋਏ। ਰਾਕੇਸ਼ ਡੋਭਾਲ ਉਤਰਾਖੰਡ ਦੇ ਰਿਸ਼ੀਕੇਸ਼ ਜ਼ਿਲ੍ਹੇ ਦੇ ਗੰਗਾਨਗਰ ਦਾ ਰਹਿਣ ਵਾਲੇ ਸਨ। ਉੜੀ ਸੈਕਟਰ ਵਿਚ ਫ਼ੌਜ ਦੇ ਦੋ ਜਵਾਨ ਅਤੇ ਗੁਰੇਜ਼ ਸੈਕਟਰ ਵਿਚ ਇਕ ਜਵਾਨ ਸ਼ਹੀਦ ਹੋਇਆ।
ਗੋਲੀਬਾਰੀ ਵਿਚ ਮਾਰੇ ਗਏ 6 ਨਾਗਰਿਕਾਂ ਵਿਚੋਂ 3 ਉੜੀ ਸੈਕਟਰ ਦੇ ਵਸਨੀਕ ਹਨ। 4 ਹੋਰ ਜਵਾਨ ਅਤੇ 8 ਨਾਗਰਿਕ ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਸ਼ੁਕਰਵਾਰ ਨੂੰ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਤਿੰਨ ਸੈਕਟਰਾਂ ਵਿਚ ਫਾਇਰਿੰਗ ਕੀਤੀ ਗਈ। ਭਾਰਤੀ ਫ਼ੌਜ ਵਲੋਂ ਪਾਕਿ ਦੇ ਕਈ ਲਾਂਚਿੰਗ ਪੈਡ, ਤੇਲ ਡਿਪੂ ਅਤੇ ਬੰਕਰ ਤਬਾਹ ਕੀਤੇ ਗਏ ਹਨ। (ਏਜੰਸੀ)
ਜਵਾਬੀ ਕਾਰਵਾਈ 'ਚ ਪਾਕਿ ਦੇ ਤਿੰਨ ਕਮਾਂਡੋ, ਪੰਜ ਫ਼ੌਜੀਆਂ ਸਣੇ 11 ਢੇਰ
ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਕੀਤਾ ਢੇਰ
ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਸੀ। ਪੁਲਿਸ, ਸੈਨਾ 34 ਆਰਆਰ ਅਤੇ ਸੀਆਰਪੀਐਫ਼ ਦੀ ਸਾਂਝੀ ਟੀਮ ਵਲੋਂ ਸੂਚਨਾ ਮਿਲਣ 'ਤੇ ਅਤਿਵਾਦੀ ਸ਼ੋਪੀਆਂ ਦੇ ਕੁਤਪੋਰਾ ਖੇਤਰ ਵਿਚ ਲੁਕੇ ਹੋਏ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦੋ ਅਤਿਵਾਦੀਆਂ ਨੂੰ ਮਾਰਨ ਵਿਚ ਸਫ਼ਲਤਾ ਹਾਸਲ ਕੀਤੀ ਸੀ।