
ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੇ ਧੀ ਅਤੇ ਦਾਮਾਦ ਨੂੰ ਕੇਸ ਤੋਂ ਬਾਹਰ ਰੱਖਣ ਲਈ ਇਕ ਹੋਰ ਸਬ-ਇੰਸਪੈਕਟਰ ਨੇ ਮੰਗੀ ਸੀ 25 ਲੱਖ ਰੁਪਏ ਦੀ ਰਿਸ਼ਵਤ
Delhi Police SI Arrested for taking bribe from Pearls Group employee: ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੋਮਵਾਰ ਨੂੰ ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੂੰ 45 ਹਜ਼ਾਰ ਕਰੋੜ ਰੁਪਏ ਦੇ ਪੋਂਜੀ ਘਪਲੇ ਦੇ ਮੁਲਜ਼ਮ ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੇ ਇਕ ਮੁਲਾਜ਼ਮ ਤੋਂ 4.5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ। ਕੇਂਦਰੀ ਏਜੰਸੀ ਨੇ ਦਸਿਆ ਕਿ ਮੁਲਜ਼ਮ ਪੁਲਿਸ ਮੁਲਾਜ਼ਮ ਨੇ ਇਹ ਕਥਿਤ ਰਿਸ਼ਵਤ ਭੰਗੂ ਦੀ ਧੀ ਅਤੇ ਦਾਮਾਦ ਨੂੰ ਕੇਸ ’ਚ ਨਾ ਫਸਾਉਣ ਲਈ ਲਈ ਸੀ।
ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਸੀ.ਬੀ.ਆਈ. ਨੇ ਦੋਸ਼ ਲਾਇਆ ਕਿ ਬਾਰਾਖੰਭਾ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਰਾਜੇਸ਼ ਯਾਦਵ ਕਥਿਤ ਤੌਰ ’ਤੇ ਉਸੇ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਵਰੁਣ ਚੀਚੀ ਦੇ ਹੁਕਮਾਂ ’ਤੇ ਰਿਸ਼ਵਤ ਲੈ ਰਿਹਾ ਸੀ। ਉਨ੍ਹਾਂ ਦਸਿਆ ਕਿ ਭੰਗੂ ਦੇ ਮੁਲਾਜ਼ਮ ਨੇ ਸੀ.ਬੀ.ਆਈ. ਨੂੰ ਦਿਤੀ ਸ਼ਿਕਾਇਤ ’ਚ ਦੋਸ਼ ਲਾਇਆ ਕਿ ਚੀਚੀ ਨੇ ਕੇਸ ’ਚ ਜੇਲ੍ਹ ਅੰਦਰ ਬੰਦ ਪਰਲਜ਼ ਗਰੁੱਪ ਦੇ ਸੰਸਥਾਪਕ ਦੀ ਧੀ ਅਤੇ ਜਵਾਈ ਦਾ ਨਾਂ ਕੇਸ ’ਚ ਨਾ ਲਿਆਉਣ ਅਤੇ ਗ੍ਰਿਫ਼ਤਾਰ ਨਾ ਕਰਨ ਬਦਲੇ 25 ਲੱਖ ਰੁਪਏ ਦੀ ਮੰਗ ਕੀਤੀ ਸੀ।
ਬੁਲਾਰੇ ਅਨੁਸਾਰ ਇਹ ਕਥਿਤ ਮੰਗ 10-12 ਦਿਨ ਪਹਿਲਾਂ ਉਸ ਸਮੇਂ ਕੀਤੀ ਗਈ ਸੀ ਜਦੋਂ ਸ਼ਿਕਾਇਤਕਰਤਾ ਭੰਗੂ ਨੂੰ ਦਵਾਈ ਦੇਣ ਲਈ ਬਾਰਾਖੰਬਾ ਥਾਣੇ ਗਿਆ ਸੀ। ਭੰਗੂ ਨੂੰ ਤਿਹਾੜ ਜੇਲ੍ਹ ਤੋਂ ਥਾਣੇ ਲਿਆਂਦਾ ਗਿਆ। ਉਨ੍ਹਾਂ ਕਿਹਾ, ‘‘ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਸਬ-ਇੰਸਪੈਕਟਰ 25 ਲੱਖ ਰੁਪਏ ’ਚੋਂ 5 ਲੱਖ ਰੁਪਏ ਦਾ ਅੰਸ਼ਕ ਭੁਗਤਾਨ ਲੈਣ ਲਈ ਰਾਜ਼ੀ ਹੋ ਗਿਆ ਸੀ।’’
ਬੁਲਾਰੇ ਨੇ ਦਸਿਆ ਕਿ ‘ਗੈਰ-ਕਾਨੂੰਨੀ ਲੈਣ-ਦੇਣ’ ਵਾਲੇ ਦਿਨ, ਸੀ.ਬੀ.ਆਈ. ਨੇ ਜਾਲ ਵਿਛਾ ਕੇ ਯਾਦਵ ਨੂੰ ਚੀਚੀ ਦੇ ਹੁਕਮ ’ਤੇ ਸ਼ਿਕਾਇਤਕਰਤਾ ਤੋਂ 4.5 ਲੱਖ ਰੁਪਏ ਲੈਂਦੇ ਹੋਏ ਫੜ ਲਿਆ। ਉਨ੍ਹਾਂ ਦਸਿਆ ਕਿ ਏਜੰਸੀ ਨੇ ਦੋਹਾਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੇ ਘਰ ਦੀ ਤਲਾਸ਼ੀ ਲਈ। ਭੰਗੂ ਅਤੇ ਤਿੰਨ ਹੋਰਾਂ ਨੂੰ ਜਨਵਰੀ 2016 ’ਚ 45,000 ਕਰੋੜ ਰੁਪਏ ਦੇ ਪੰਜ ਕਰੋੜ ਦੇ ਲਗਭਗ ਨਿਵੇਸ਼ਕਾਂ ਨੂੰ ਜ਼ਮੀਨੀ ਸੌਦਿਆਂ ਦਾ ਲਾਲਚ ਦੇ ਕੇ ਧੋਖਾਧੜੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਸੀ।
(For more news apart from Delhi Police SI Arrested, stay tuned to Rozana Spokesman)