
ਗੈਰ-ਭਾਜਪਾ ਸੂਬਿਆਂ ਵਿਚ ਨਾਗਰਿਕਤਾ ਬਿੱਲ ਦਾ ਵਿਰੋਧ ਲਗਾਤਾਰ ਜਾਰੀ ਹੈ।
ਨਵੀਂ ਦਿੱਲੀ: ਗੈਰ-ਭਾਜਪਾ ਸੂਬਿਆਂ ਵਿਚ ਨਾਗਰਿਕਤਾ ਬਿੱਲ ਦਾ ਵਿਰੋਧ ਲਗਾਤਾਰ ਜਾਰੀ ਹੈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਾਨ ਨੇ ਵੀਰਵਾਰ ਨੂੰ ਕਿਹਾ ਰਿ ਸੰਸਦ ਵਿਚ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ ਸੂਬੇ ਵਿਚ ਲਾਗੂ ਨਹੀਂ ਕੀਤਾ ਜਾਵੇਗਾ। ਉੱਥੇ ਹੀ ਉੱਤਰੀ ਕੇਰਲ ਵਿਚ ਇਕ ਸਥਾਨਕ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਇਕ ਮਾਰਚ ਕੱਢਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ।
ਕਾਂਗਰਸ ਦੀ ਅਗਵਾਈ ਵਾਲੀ ਯੂਡੀਐਫ ਨੇ ਵੀ ਬਿੱਲ ਅਤੇ ਮਹਿੰਗਾਈ ਸਮੇਤ ਕਈ ਹੋਰ ਮੁੱਦਿਆਂ ਖਿਲਾਫ ਸੂਬਾ ਸਕੱਤਰੇਤ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ।ਵਿਜਯਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਅਸੰਵਿਧਾਨਕ ਬਿੱਲ ਲਈ ਕੇਰਲ ਵਿਚ ਕੋਈ ਥਾਂ ਨਹੀਂ ਹੋਵੇਗੀ ਅਤੇ ਸੂਬੇ ਵਿਚ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਕੋਝੀਕੋੜ ਵਿਚ ਫਾਰੂਕ ਕਾਲਜ ਦੇ ਸੈਂਕੜੇ ਵਿਦਿਆਰਥੀਆਂ ਨੇ ਬਿੱਲ ਖਿਲਾਫ ਲੰਬਾ ਮਾਰਚ ਕੱਢਿਆ, ਬਿੱਲ ਦੀਆਂ ਕਾਪੀਆਂ ਫਾੜੀਆਂ ਗਈਆਂ ਅਤੇ ਸ਼ਾਹ ਦਾ ਪੁਤਲਾ ਸਾੜਿਆ ਗਿਆ। ਵਿਜਯਾਨ ਨੇ ਟਵੀਟ ਕਰ ਕੇ ਕਿਹਾ, ‘ਦੇਸ਼ ਵਿਚ ਲੋਕ ਤੰਤਰ ਖਤਰੇ ਵਿਚ ਹੈ। ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਦਾ ਮੁੱਖ ਰਾਜਨੀਤਕ ਸਾਧਨ ਫਿਰਕਾਪ੍ਰਸਤੀ ਹੈ’।
ਉਹਨਾਂ ਕਿਹਾ ਕਿ ਇਹ ਦੁਨੀਆ ਸਾਹਮਣੇ ਭਾਰਤ ਦਾ ਅਪਮਾਨ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਆਰਐਸਐਸ ਹਿੰਦੂ ਰਾਸ਼ਟਰ ਦੇ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿਲ ਨੂੰ ਭਾਰਤ ਦੇ ਧਰਮ ਨਿਰਪੱਖ ਚਰਿੱਤਰ 'ਤੇ ਸਿੱਧਾ ਹਮਲਾ ਦੱਸਿਆ। ਉਹਨਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਕਾਨੂੰਨ ਨੂੰ ਸੂਬੇ ਵਿਚ ਲਾਗੂ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ।
ਮੁਲਕ ਦੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਲਈ ਅਪਣੀ ਵਚਨਬੱਧਤਾ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਸੂਬੇ ਦੀ ਵਿਧਾਨ ਸਭਾ ਵਿਚ ਬਹੁਮਤ ਹੈ ਅਤੇ ਸਦਨ ਵਿਚ ਇਸ ਗ਼ੈਰ-ਸੰਵਿਧਾਨਿਕ ਬਿਲ ਨੂੰ ਰੋਕ ਦੇਵੇਗੀ। ਇਸੇ ਤਰ੍ਹਾਂ ਹੀ ਪੱਛਮੀ ਬੰਗਾਲ ਵਿਚ ਵੀ ਤ੍ਰਿਣਮੂਲ ਸਰਕਾਰ ਨੇ ਇਸ ਬਿੱਲ ਨੂੰ ਲਾਗੂ ਨਾ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਸਮ ਵਿਚ ਵੀ ਇਸ ਬਿੱਲ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।