
CDS ਅਨਿਲ ਚੌਹਾਨ ਸਮੇਤ ਤਿੰਨੇ ਫ਼ੌਜ ਮੁਖੀ ਹੋਏ ਸ਼ਾਮਲ
9 ਦਸੰਬਰ ਨੂੰ ਹੋਈ ਝੜਪ ਬਾਰੇ ਲਈ ਵਿਸਥਾਰ 'ਚ ਜਾਣਕਾਰੀ
ਨਵੀਂ ਦਿੱਲੀ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ ਦੇ ਮੁੱਦੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਬੁਲਾਈ ਗਈ ਉੱਚ ਪੱਧਰੀ ਬੈਠਕ ਹੁਣ ਖਤਮ ਹੋ ਗਈ ਹੈ। ਇਸ ਮੀਟਿੰਗ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਜਨਰਲ ਅਨਿਲ ਚੌਹਾਨ ਅਤੇ ਤਿੰਨੇ ਫ਼ੌਜ ਮੁਖੀ ਵੀ ਸ਼ਾਮਲ ਹੋਏ। ਉਨ੍ਹਾਂ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਇਸ ਮੁੱਦੇ 'ਤੇ ਸੰਸਦ 'ਚ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਕਾਂਗਰਸ ਜਿੱਥੇ ਪ੍ਰਧਾਨ ਮੰਤਰੀ ਮੋਦੀ ਤੋਂ ਜਵਾਬ ਮੰਗ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਕਾਰੋਬਾਰੀ ਮੁਅੱਤਲੀ ਦੇ ਨੋਟਿਸ ਦਿੱਤੇ ਹਨ।
ਸੂਤਰਾਂ ਅਨੁਸਾਰ 9 ਦਸੰਬਰ ਨੂੰ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਦੇ ਸੈਨਿਕਾਂ ਦਾ ਇਕੱਠ ਦੇਖਿਆ ਗਿਆ। ਭਾਰਤੀ ਫ਼ੌਜ ਦੇ ਜਵਾਨਾਂ ਨੇ ਚੀਨੀ ਫ਼ੌਜ ਨੂੰ ਪਿੱਛੇ ਹਟਣ ਲਈ ਕਿਹਾ ਅਤੇ ਮਜ਼ਬੂਤੀ ਨਾਲ ਉਨ੍ਹਾਂ ਦੀ ਅੱਗੇ ਵਧਣ ਤੋਂ ਰੋਕਿਆ। ਇਸ ਤੋਂ ਬਾਅਦ ਹੋਈ ਝੜਪ ਵਿੱਚ ਦੋਵਾਂ ਪਾਸਿਆਂ ਦੇ ਜਵਾਨਾਂ ਨੂੰ ਸੱਟਾਂ ਲੱਗੀਆਂ। ਝੜਪ ਤੋਂ ਤੁਰੰਤ ਬਾਅਦ ਦੋਵੇਂ ਧਿਰਾਂ ਆਪੋ-ਆਪਣੇ ਇਲਾਕਿਆਂ ਨੂੰ ਪਰਤ ਗਈਆਂ।
ਦੱਸਿਆ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਵੱਲੋਂ ਇਸ ਅਚਨਚੇਤ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਗਿਆ। ਭਾਰਤ ਵਾਲੇ ਪਾਸੇ ਤੋਂ 20 ਸੈਨਿਕ ਜ਼ਖਮੀ ਹੋਏ ਹਨ, ਜਦਕਿ ਜ਼ਖਮੀ ਚੀਨੀ ਸੈਨਿਕਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਦੱਸੀ ਜਾ ਰਹੀ ਹੈ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਤਵਾਂਗ ਵਿੱਚ ਐਲਏਸੀ ਦੇ ਕੁਝ ਖੇਤਰ ਅਜਿਹੇ ਹਨ ਜਿੱਥੇ ਦੋਵੇਂ ਧਿਰਾਂ ਆਪਣਾ ਦਾਅਵਾ ਕਰਦੀਆਂ ਹਨ ਅਤੇ ਦੋਵਾਂ ਦੇਸ਼ਾਂ ਦੇ ਸੈਨਿਕ ਇੱਥੇ ਗਸ਼ਤ ਕਰਦੇ ਹਨ। ਇਹ ਰੁਝਾਨ 2006 ਤੋਂ ਚੱਲ ਰਿਹਾ ਹੈ।