
17 ਮੰਤਰੀਆਂ ਵਿੱਚੋਂ 16 ਹਨ ਕਰੋੜਪਤੀ
ਨਵੀਂ ਦਿੱਲੀ - ਗੁਜਰਾਤ ਇਲੈਕਸ਼ਨ ਵਾਚ ਅਤੇ ਐਸੋਸੀਏਸ਼ਨ ਫ਼ਾਰ ਡੈਮੋਕ੍ਰੇਟਿਕ ਰਿਫ਼ਾਰਮਜ਼ ਦੇ ਮੁਤਾਬਕ, ਗੁਜਰਾਤ ਰਾਜ ਵਿਧਾਨ ਸਭਾ 2022 ਵਿੱਚ ਗੁਜਰਾਤ ਦੇ ਨਵੇਂ ਚੁਣੇ ਗਏ 17 ਮੰਤਰੀਆਂ 'ਚੋਂ ਚਾਰ ਜਾਂ 24 ਫ਼ੀਸਦੀ ਨੇ, ਆਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕੀਤਾ ਹੈ।
ਏ.ਡੀ.ਆਰ. ਅਤੇ ਗੁਜਰਾਤ ਇਲੈਕਸ਼ਨ ਵਾਚ ਨੇ ਕਿਹਾ, "ਚਾਰ (24 ਫ਼ੀਸਦੀ) ਮੰਤਰੀਆਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲਿਆਂ ਦਾ ਖੁਲਾਸਾ ਕੀਤਾ ਹੈ। ਇੱਕ (ਛੇ ਫ਼ੀਸਦੀ) ਮੰਤਰੀ ਨੇ ਆਪਣੇ ਖ਼ਿਲਾਫ਼ ਇੱਕ ਗੰਭੀਰ ਅਪਰਾਧਿਕ ਮਾਮਲੇ ਦੀ ਪੁਸ਼ਟੀ ਕੀਤੀ ਹੈ।"
ਵਿਸ਼ਲੇਸ਼ਣ ਕੀਤੇ ਗਏ 17 ਮੰਤਰੀਆਂ ਵਿੱਚੋਂ 16 (94 ਫ਼ੀਸਦੀ) ਕਰੋੜਪਤੀ ਹਨ ਅਤੇ 17 ਮੰਤਰੀਆਂ ਦੀ ਔਸਤ ਜਾਇਦਾਦ 32.7 ਕਰੋੜ ਰੁਪਏ ਹੈ।
ਵਿਸ਼ਲੇਸ਼ਣ ਅਨੁਸਾਰ ਸਭ ਤੋਂ ਵੱਧ ਘੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਸਿੱਧਪੁਰ ਹਲਕੇ ਤੋਂ ਬਲਵੰਤ ਸਿੰਘ ਚੰਦਨ ਸਿੰਘ ਰਾਜਪੂਤ ਹਨ, ਜਿਨ੍ਹਾਂ ਕੋਲ 372.65 ਕਰੋੜ ਰੁਪਏ ਦੀ ਜਾਇਦਾਦ ਹੈ।
ਸਭ ਤੋਂ ਘੱਟ ਘੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਦੇਵਗੜ੍ਹਬਾਰੀਆ ਹਲਕੇ ਤੋਂ ਖਬਦ ਬੱਚੂਭਾਈ ਮਗਨਭਾਈ ਹਨ, ਜਿਨ੍ਹਾਂ ਦੀ ਜਾਇਦਾਦ 92.85 ਲੱਖ ਰੁਪਏ ਹੈ।
ਨਾਲ ਹੀ, 14 ਮੰਤਰੀਆਂ ਨੇ ਦੇਣਦਾਰੀਆਂ ਦਾ ਐਲਾਨ ਕੀਤਾ ਵੀ ਹੈ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਦੇਣਦਾਰੀਆਂ ਵਾਲੇ ਮੰਤਰੀ ਬਲਵੰਤ ਸਿੰਘ ਚੰਦਨ ਸਿੰਘ ਰਾਜਪੂਤ ਹਨ, ਜਿਨ੍ਹਾਂ ਦੀ ਦੇਣਦਾਰੀ 12.59 ਕਰੋੜ ਰੁਪਏ ਦੀ ਹੈ।
ਛੇ (35 ਫ਼ੀਸਦੀ) ਮੰਤਰੀਆਂ ਨੇ ਆਪਣੀ ਵਿੱਦਿਅਕ ਯੋਗਤਾ 8ਵੀਂ ਤੋਂ 12ਵੀਂ ਜਮਾਤ ਦੇ ਵਿਚਕਾਰ ਦੱਸੀ ਹੈ, ਜਦਕਿ ਅੱਠ (47 ਫ਼ੀਸਦੀ) ਮੰਤਰੀਆਂ ਨੇ ਗ੍ਰੈਜੂਏਟ ਜਾਂ ਇਸ ਤੋਂ ਵੱਧ ਦੀ ਵਿੱਦਿਅਕ ਯੋਗਤਾ ਦਾ ਐਲਾਨ ਕੀਤਾ ਹੈ। ਤਿੰਨ (18 ਫ਼ੀਸਦੀ) ਮੰਤਰੀ ਡਿਪਲੋਮਾ ਹੋਲਡਰ ਹਨ।
ਤਿੰਨ (18 ਫ਼ੀਸਦੀ) ਮੰਤਰੀਆਂ ਨੇ ਆਪਣੀ ਉਮਰ 31 ਤੋਂ 50 ਸਾਲ ਦੇ ਵਿਚਕਾਰ ਦੱਸੀ ਹੈ, ਜਦਕਿ 14 (82 ਫ਼ੀਸਦੀ) ਮੰਤਰੀਆਂ ਦੀ ਉਮਰ 51 ਤੋਂ 80 ਸਾਲ ਦੇ ਵਿਚਕਾਰ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੌਂਸਲ ਵਿੱਚ ਸਿਰਫ਼ ਇੱਕ ਮਹਿਲਾ ਮੰਤਰੀ ਹੈ।