5 ਸਾਲ ਦੌਰਾਨ 9 ਲੱਖ ਭਾਰਤੀਆਂ ਨੇ ਹਾਸਲ ਕੀਤੀ ਵਿਦੇਸ਼ੀ ਨਾਗਰਿਕਤਾ, ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਦਿੱਤੀ ਜਾਣਕਾਰੀ
ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਭਾਵੇਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਹ ਹੈ ਕਿ ਰੁਜ਼ਗਾਰ ਦੀ ਭਾਲ ਵਿਚ ਹਰ ਸਾਲ ਲੱਖਾਂ ਭਾਰਤੀ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਹੋਰ ਤਾਂ ਹੋਰ ਵਿਦੇਸ਼ ਗਏ ਲੋਕ ਭਾਰਤ ਵੱਲ ਮੂੰਹ ਨਹੀਂ ਕਰਨਾ ਚਾਹੁੰਦੇ ਬਲਕਿ ਆਪਣੀ ਆਪਣੇ ਦੇਸ਼ ਦੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਵੱਲੋਂ ਸੰਸਦ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ 5 ਸਾਲਾਂ ਦੌਰਾਨ ਕਰੀਬ 9 ਲੱਖ ਭਾਰਤੀਆਂ ਵੱਲੋਂ ਆਪਣੀ ਨਾਗਰਿਕਤਾ ਛੱਡੀ ਜਾ ਚੁੱਕੀ ਹੈ ।
ਰਾਜ ਸਭਾ ਵਿਚ ਇਕ ਸਵਾਲ ਦਾ ਜਵਾਬ ਦਿੰਦਿਆਂ ਵਿਦੇਸ਼ ਰਾਜ ਮੰਤਰੀ ਕੀਰਤੀਵਰਧਨ ਸਿੰਘ ਨੇ ਦੱਸਿਆ ਕਿ 2011 ਤੋਂ 2024 ਦੇ ਵਿਚਕਾਰ ਲਗਭਗ 21 ਲੱਖ ਭਾਰਤੀਆਂ ਵੱਲੋਂ ਵਿਦੇਸ਼ੀ ਨਾਗਰਿਕਤਾ ਅਪਣਾਈ ਗਈ। ਉਨ੍ਹਾਂ ਮੁਤਾਬਕ ਸਾਲ 2021 ਤੋਂ ਬਾਅਦ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵਿਚ ਵੱਡਾ ਉਛਾਲ ਦੇਖਣ ਨੂੰ ਮਿਲਿਆ। ਜਿੱਥੇ ਕੋਰੋਨਾ ਮਹਾਂਮਾਰੀ ਦੇ ਸਾਲ 2020 ਦੌਰਾਨ ਇਹ ਅੰਕੜਾ ਘਟ ਕੇ 85 ਹਜ਼ਾਰ ਦੇ ਕਰੀਬ ਰਹਿ ਗਿਆ ਸੀ, ਉਥੇ ਹੀ ਇਸ ਤੋਂ ਬਾਅਦ ਇਹ ਗਿਣਤੀ 2 ਲੱਖ ਦੇ ਆਸਪਾਸ ਪਹੁੰਚ ਗਈ। ਜੇਕਰ ਪਿਛਲੇ 14 ਸਾਲਾਂ ਦੇ ਅੰਕੜਿਆਂ ’ਤੇ ਝਾਤ ਮਾਰੀ ਜਾਵੇ ਤਾਂ :
14 ਸਾਲਾਂ ਦੌਰਾਨ ਕਿੰਨੇ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ?
- 2011 ਵਿਚ 1,22,819 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ।
- 2012 ਵਿਚ 1,20,923
- 2013 ਵਿਚ 1,31,405
- 2014 ਵਿਚ 1,29,328
- 2015 ਵਿਚ 1,31,489
- 2016 ਵਿਚ 1,41,603
- 2017 ਵਿਚ 1,33,049
- 2018 ਵਿਚ 1,34,561
- 2019 ਵਿਚ 1,44,017
- 2020 ਵਿਚ 85,256
- 2021 ਵਿਚ 1,63,370
- 2022 ਵਿਚ 2,25,620
- 2023 ਵਿਚ 2,16,219
- 2024 ਵਿਚ 2,06,378 ਲੋਕਾਂ ਵੱਲੋਂ ਭਾਰਤ ਦੀ ਛੱਡੀ ਗਈ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ 3 ਸਾਲਾਂ ਵਿਚ ਸੁਰੱਖਿਆ ਕਾਰਨਾਂ ਕਰਕੇ ਮਿਡਲ ਈਸਟ ਦੇਸ਼ਾਂ ਤੋਂ 5945 ਭਾਰਤੀ ਨਾਗਰਿਕਾਂ ਨੂੰ ਕੱਢਿਆ ਗਿਆ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਲੋਕ ਸਭਾ ਵਿਚ ਦੱਸਿਆ ਕਿ ਇਨ੍ਹਾਂ ਵਿਚ ਇਜ਼ਰਾਇਲ ਤੋਂ ‘ਅਪਰੇਸ਼ਨ ਅਜੇ’ ਅਤੇ ਇਰਾਨ-ਇਜ਼ਰਾਇਲ ਤੋਂ ‘ਅਪਰੇਸ਼ਨ ਸਿੰਧੂ’ ਸ਼ਾਮਲ ਹਨ। ਇਸ ਤੋਂ ਇਲਾਵਾ ਕੁਵੈਤ ਅਗਨੀ ਕਾਂਡ ਵਿਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਵੀ ਭਾਰਤ ਲਿਆਂਦੀਆਂ ਗਈਆਂ।
ਦੱਸ ਦਈਏ ਕਿ ਮਾਹਿਰਾਂ ਮੁਤਾਬਕ ਵਿਦੇਸ਼ ਜਾਣ ਵਾਲਿਆਂ ਵਿਚ ਜ਼ਿਆਦਾਤਰ ਉਹ ਲੋਕ ਸ਼ਾਮਲ ਹੁੰਦੇ ਹਨ, ਜੋ ਰੁਜ਼ਗਾਰ ਅਤੇ ਚੰਗੀ ਜ਼ਿੰਦਗੀ ਦੀ ਭਾਲ ਵਿਚ ਵਿਦੇਸ਼ ਜਾਂਦੇ ਹਨ ਪਰ ਜੇਕਰ ਭਾਰਤ ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਇੱਥੇ ਹੀ ਵਧੀਆ ਰੁਜ਼ਗਾਰ ਦੇ ਮੌਕੇ ਅਤੇ ਵਿਦੇਸ਼ਾਂ ਵਰਗੀਆਂ ਸੁੱਖ ਸਹੂਲਤਾਂ ਪੈਦਾ ਕਰੇ ਤਾਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ,, ਪਰ ਅਫ਼ਸੋਸ ਸਰਕਾਰਾਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ।
