
ਹੰਸ ਰਾਜ ‘ਤੇ ਸਿੱਖਿਆ ਅਤੇ ਆਮਦਨ ਦੇਣਦਾਰੀਆਂ ਸਬੰਧੀ ਕਥਿਤ ਤੌਰ 'ਤੇ ਅਸਪੱਸ਼ਟ ਜਾਣਕਾਰੀਆਂ ਦੇਣ ਦਾ ਦੋਸ਼
ਨਵੀਂ ਦਿੱਲੀ: ਉੱਤਰੀ ਪੱਛਮੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਦਿੱਲੀ ਦੀ ਇਕ ਅਦਾਲਤ ਨੇ ਸੰਮਨ ਜਾਰੀ ਕੀਤਾ ਹੈ। ਦਰਅਸਲ ਭਾਜਪਾ ਆਗੂ ਅਤੇ ਪੰਜਾਬੀ ਗਾਇਕ ‘ਤੇ ਚੋਣ ਹਲਫਨਾਮੇ ਵਿਚ ਅਸਪੱਸ਼ਟ ਜਾਣਕਾਰੀ ਦੇਣ ਦਾ ਦੋਸ਼ ਹੈ।
Hans Raj Hans
ਦੱਸ ਦਈਏ ਕਿ ਲੋਕ ਸਭਾ ਚੋਣਾਂ 2019 ਵਿਚ ਕਾਂਗਰਸ ਦੇ ਉਮੀਦਵਾਰ ਰਹੇ ਰਾਜੇਸ਼ ਲਿਲੋਠੀਆ ਨੇ ਹੰਸ ਰਾਜ ਹੰਸ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਗਲਤ ਹਲਫ਼ਨਾਮਾ ਦੇਣ ਦਾ ਦੋਸ਼ ਲਗਾਇਆ ਸੀ।
Police
ਦਿੱਲੀ ਪੁਲਿਸ ਦੀ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਰਾਊਜ਼ ਐਵੇਨਿਊ ਕੋਰਟ ਦੇ ਏਸੀਐਮਐਮ ਧਰਮਿੰਦਰ ਨੇ ਹੰਸ ਰਾਜ ਹੰਸ ਨੂੰ 12 ਜਨਵਰੀ ਨੂੰ ਸੰਮਨ ਜਾਰੀ ਕਰਦਿਆਂ 18 ਜਨਵਰੀ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਪੁਲਿਸ ਨੇ ਅਪਣੀ ਸਿੱਖਿਆ ਅਤੇ ਅਪਣੀ ਤੇ ਪਰਿਵਾਰਕ ਮੈਂਬਰਾਂ ਦੀਆਂ ਟੈਕਸ ਸਬੰਧੀ ਜ਼ਿੰਮੇਵਾਰੀਆਂ ਨਾਲ ਜੁੜੀ ਅਸਪੱਸ਼ਟ ਜਾਣਕਾਰੀ ਦੇਣ ਦੇ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ।
Hans Raj Hans
ਅਦਾਲਤ ਨੇ ਜਾਂਚ ਅਧਿਕਾਰੀ ਨੂੰ ਵੀ ਨੋਟਿਸ ਜਾਰੀ ਕਰਦੇ ਹੋਏ, ਜਾਂਚ 'ਚ ਹੋਈ ਪ੍ਰਗਤੀ ਸਬੰਧੀ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੋਰਟ ਦਾ ਕਹਿਣਾ ਹੈ ਕਿ ਲੋਕ ਪ੍ਰਤੀਨਿਧਤਾ ਐਕਟ ਤਹਿਤ ਦਾਇਰ ਕੀਤੀ ਗਈ ਚਾਰਜਸ਼ੀਟ ਦਾ ਨੋਟਿਸ ਲੈਂਦਿਆਂ ਮੁਲਜ਼ਮ ਨੂੰ 18 ਜਨਵਰੀ ਲਈ ਸੰਮਨ ਜਾਰੀ ਕੀਤਾ ਜਾਂਦਾ ਹੈ।