
ਬਰਫ਼ਬਾਰੀ ਕਾਰਨ ਹਵਾਈ ਅੱਡੇ ’ਤੇ ਬਣ ਗਿਆ ਸੀ ਬਰਫ਼ ਦਾ ਵੱਡਾ ਟਿੱਲਾ
ਸ਼੍ਰੀਨਗਰ : ਸ਼੍ਰੀਨਗਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਬੁਧਵਾਰ ਨੂੰ 200 ਤੋਂ ਵੱਧ ਮੁਸਾਫ਼ਰ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਦੁਪਹਿਰ 12.30 ਵਜੇ ਦਿੱਲੀ ਜਾਣ ਵਾਲਾ ਇਕ ਯਾਤਰੀ ਹਵਾਈ ਜਹਾਜ਼ ਬਰਫ਼ ਦੇ ਇਕ ਟਿੱਲੇ ਨਾਲ ਟਕਰਾ ਗਿਆ। ਸਾਰੇ ਯਾਤਰੀਆਂ ਨੂੰ ਇੰਡੀਗੋ ਜਹਾਜ਼ ’ਚੋਂ ਉਤਾਰ ਕੇ ਦੂਜੇ ਜਹਾਜ਼ ’ਚ ਤਬਦੀਲ ਕੀਤਾ ਗਿਆ। ਬਾਅਦ ’ਚ ਉਕਤ ਹਵਾਈ ਜਹਾਜ਼ ਨੂੰ ਵੀ ਰਨਵੇ ’ਤੇ ਲਿਆਂਦਾ ਗਿਆ।
Air plane
ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਹੋਈ ਬਰਫ਼ਬਾਰੀ ਤੋਂ ਬਾਅਦ ਸ਼੍ਰੀਨਗਰ ਹਵਾਈ ਅੱਡੇ ’ਤੇ ਬਰਫ਼ ਦਾ ਇਕ ਵੱਡਾ ਟਿੱਲਾ ਬਣ ਗਿਆ ਸੀ। ਜਦੋਂ ਇਹ ਜਹਾਜ਼ ਉਡਾਣ ਭਰਨ ਲੱਗਾ ਤਾਂ ਇਸ ਦਾ ਇੰਜਣ ਰਨਵੇ ’ਤੇ ਬਰਫ਼ ਦੇ ਟੁਕੜੇ ਨਾਲ ਟਕਰਾ ਗਈ। ਪਾਇਲਟ ਨੇ ਅਪਣੀ ਸਮਝਦਾਰੀ ਅਤੇ ਏਅਰਪੋਰਟ ਅਥਾਰਟੀ ਵਿਚਾਲੇ ਚੰਗੇ ਤਾਲਮੇਲ ਕਾਰਨ ਜਹਾਜ਼ ਨੂੰ ਰੋਕ ਕੇ ਉਸ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਅ ਲਿਆ।
PLANE
ਇਸ ਘਟਨਾ ਨਾਲ ਮੁਸਾਫ਼ਰਾਂ ’ਚ ਦਹਿਸ਼ਤ ਪੈਦਾ ਹੋ ਗਈ। ਏਅਰਪੋਰਟ ਦੇ ਅਧਿਕਾਰੀਆਂ ਅਨੁਸਾਰ ਸਾਰੇ ਮੁਸਾਫ਼ਰ ਸੁਰੱਖਿਅਤ ਹਨ। ਦਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਬਾਕੀ ਹਿੱਸਿਆਂ ਨੂੰ ਜੋੜਨ ਵਾਲੀ ਇਕੋ-ਇਕ ਜੰਮੂ-ਸ਼੍ਰੀਨਗਰ ਸੜਕ ਵੱਖ-ਵੱਖ ਥਾਂਵਾਂ ’ਤੇ ਢਿੱਗਾਂ ਡਿੱਗਣ ਕਾਰਨ ਬੰਦ ਪਈ ਹੈ। ਇਸ ਕਾਰਨ ਲੋਕਾਂ ਲਈ ਹਵਾਈ ਮਾਰਗ ਹੀ ਇਕੋ-ਇਕ ਸਾਧਨ ਹੈ, ਜਿਸ ਰਾਹੀਂ ਉਹ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਜਾ ਸਕਦੇ ਹਨ।