
ਪੁਲਿਸ ਸਟੇਸ਼ਨ ਦਾ ਸਟਾਫ ਖ਼ਾਸਕਰ ਮਹਿਲਾ ਪੁਲਿਸ ਅਧਿਕਾਰੀ ਖਾਲੀ ਸਮੇਂ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ।
ਦੇਹਰਾਦੂਨ : ਦੇਹਰਾਦੂਨ ਦਾ ਪ੍ਰੇਮ ਨਗਰ ਪੁਲਿਸ ਸਟੇਸ਼ਨ ਦੇਖਣ ਨੂੰ ਤਾਂ ਬਾਕੀ ਥਾਣਿਆਂ ਵਾਂਗ ਹੀ ਲਗਦਾ ਹੈ ਪਰ ਫਿਰ ਵੀ ਇਹ ਸੱਭ ਤੋਂ ਖ਼ਾਸ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਸਵੇਰੇ 9.30 ਵਜੇ ਤੋਂ ਲੈ ਕੇ 3.30 ਵਜੇ ਤੱਕ ਇਹ ਸਟੇਸ਼ਨ ਸਕੂਲ ਵਿਚ ਬਦਲ ਜਾਂਦਾ ਹੈ। ਦਰਅਸਲ ਪ੍ਰੇਮ ਨਗਰ ਦੇ ਕੋਲ ਨੰਦਾ ਦੀ ਚੌਂਕ ਝੌਪੜਪੱਟੀ ਦੇ ਬਹੁਤ ਸਾਰੇ ਗਰੀਬ ਬੱਚੇ ਇਥੇ ਪੜ੍ਹਣ ਲਈ ਆਉਂਦੇ ਹਨ। ਇਹ ਸਾਰੇ ਬੱਚੇ 4 ਤੋਂ 12 ਸਾਲ ਦੀ ਉਮਰ ਦੇ ਹਨ। ਖ਼ਬਰਾਂ ਮੁਤਾਬਕ ਇਹਨਾਂ ਬੱਚਿਆਂ ਦੀ ਮੁਢੱਲੀ ਜਾਂ ਰਸਮੀ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ।
Student in class
ਦੇਹਰਾਦੂਨ ਦੀ ਇਕ ਸਵੈ-ਸੇਵੀ ਸੰਸਥਾ ਆਸਰਾ ਟਰੱਸਟ ਵੱਲੋਂ ਇਹਨਾਂ ਬੱਚਿਆਂ ਨੂੰ ਪੁਲਿਸ ਸਟੇਸ਼ਨ ਦੇ ਸਾਹਮਣੇ ਹੀ ਇਕ ਫੁੱਟਪਾਥ 'ਤੇ ਪੜ੍ਹਾਇਆ ਜਾਂਦਾ ਸੀ। ਅਜਿਹੇ ਵਿਚ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੁਕੇਸ਼ ਤਿਆਗੀ ਨੇ ਚਿੰਤਾ ਪ੍ਰਗਟ ਕੀਤੀ ਕਿਉਂਕਿ ਇਹ ਬੱਚੇ ਟ੍ਰੈਫਿਕ ਦੇ ਬਹੁਤ ਨੇੜੇ ਬੈਠਦੇ ਸਨ। ਜਿਸ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਤਿਆਗੀ ਦੀ ਨਿਗਰਾਨੀ ਵਿਚ ਪੁਲਿਸ ਸਟੇਸ਼ਨ ਵਿਚ ਹੀ ਪੜ੍ਹਾਇਆ ਜਾਣ ਲਗਾ।
Police official taking class
ਇਹਨਾਂ ਬੱਚਿਆਂ ਨੂੰ ਹਿੰਦੀ, ਅੰਗਰੇਜੀ, ਗਣਿਤ ਦੇ ਨਾਲ ਹੀ ਇਤਿਹਾਸ ਅਤੇ ਵਿਗਿਆਨ ਜਿਹੇ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਪੁਲਿਸ ਦਾ ਸਮਰਥਨ ਅਤੇ ਸੁਰੱਖਿਆ ਹੋਣ ਕਾਰਨ ਹੁਣ ਬਹੁਤ ਸਾਰੇ ਮਾਂ-ਬਾਪ ਅਪਣੇ ਬੱਚਿਆਂ ਨੂੰ ਇਥੇ ਭੇਜਣ ਲਗਦੇ ਹਨ। ਲਗਭਗ 51 ਬੱਚੇ ਇਥੇ ਆਉਂਦੇ ਹਨ। ਬੱਚਿਆਂ ਲਈ ਨਾ ਸਿਰਫ ਇਹ ਪੁਲਿਸ ਸਟੇਸ਼ਨ ਸਗੋਂ ਬਹੁਤ ਸਾਰੇ ਅਣਜਾਣ ਲੋਕ ਵੀ ਮਦਦਗਾਰ ਸਾਬਤ ਹੋ ਰਹੇ ਹਨ। ਕਿਸੇ ਨੇ ਬੱਚਿਆਂ ਨੂੰ ਲਿਜਾਣ ਲਈ 5000 ਰੁਪਏ ਦੇ ਕਿਰਾਏ 'ਤੇ ਵੈਨ ਲਗਵਾਈ ਹੈ ਤੇ ਕਿਸੇ ਨੇ ਬੱਚਿਆਂ ਨੂੰ ਸਕੂਲ ਬੈਗ ਦਿਤੇ ਹਨ।
Student Class Runs In police station
ਇਕ ਹੋਰ ਵਿਅਕਤੀ ਦੀ ਮਦਦ ਰਾਹੀਂ ਹਰ ਰੋਜ ਬੱਚਿਆਂ ਨੂੰ ਕੁਝ ਨਾ ਕੁਝ ਖਾਣ ਲਈ ਦਿਤਾ ਜਾਂਦਾ ਹੈ। ਇੰਨਾ ਹੀ ਨਹੀਂ, ਪੁਲਿਸ ਸਟੇਸ਼ਨ ਦਾ ਸਟਾਫ ਖ਼ਾਸਕਰ ਮਹਿਲਾ ਪੁਲਿਸ ਅਧਿਕਾਰੀ ਖਾਲੀ ਸਮੇਂ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ। ਬੱਚਿਆਂ ਨੂੰ ਤਿੰਨ ਸੈਸ਼ਨ ਵਿਚ ਪੜ੍ਹਾਇਆ ਜਾਂਦਾ ਹੈ। ਹਰੇਕ ਸੈਸ਼ਨ ਦੋ ਘੰਟੇ ਦਾ ਹੁੰਦਾ ਹੈ। ਲੋਕਾਂ ਵੱਲੋਂ ਦੇਹਰਾਦੂਨ ਪੁਲਿਸ ਦੇ ਇਸ ਨੇਕ ਕਦਮ ਦੀ ਸ਼ਲਾਘਾ ਕੀਤੀ ਜਾਂਦੀ ਹੈ। ਸਮਾਜ ਵਿਚ ਇਹ ਨੇਕ ਕਾਰਜ ਹੋਰਨਾਂ ਲਈ ਵੀ ਪ੍ਰੇਰਣਾ ਦਾ ਸੋਮਾ ਬਣੇਗਾ ਅਜਿਹੀ ਆਸ ਪ੍ਰਗਟ ਕੀਤੀ ਜਾ ਰਹੀ ਹੈ।