
ਪੰਜਾਬ ਵਿਧਾਨ ਸਭਾ 'ਚ ਵੀਰਵਾਰ ਨੂੰ 'ਆਪ' ਵਿਧਾਇਕ ਅਮਨ ਅਰੋੜਾ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਬਿਜਲੀ ਦੇ ਬਕਾਇਆ ਬਿੱਲਾਂ ਅਤੇ ਕੁਨੈਕਸ਼ਨ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਵੀਰਵਾਰ ਨੂੰ 'ਆਪ' ਵਿਧਾਇਕ ਅਮਨ ਅਰੋੜਾ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵੱਲ ਬਿਜਲੀ ਦੇ ਬਕਾਇਆ ਬਿੱਲਾਂ ਅਤੇ ਕੁਨੈਕਸ਼ਨ ਕੱਟਣ ਦਾ ਮੁੱਦਾ ਗੂੰਜਿਆ। ਅਰੋੜਾ ਦੇ ਸਵਾਲ ਦਾ ਜਵਾਬ ਦਿੰਦਿਆਂ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਪੰਜਾਬ ਦੇ ਕੁੱਲ 4130 ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲ ਬਿਜਲੀ ਦੇ ਬਿੱਲਾਂ ਦੀ ਕੁੱਲ 702.78 ਲੱਖ ਰੁਪਏ ਦੀ ਰਕਮ ਬਕਾਇਆ ਹੈ।
ਬਿੱਲ ਨਾ ਭਰਨ ਕਰ ਕੇ 14 ਸਰਕਾਰੀ ਸਕੂਲਾਂ ਦਾ ਬਿਜਲੀ ਦਾ ਕੁਨੈਕਸ਼ਨ ਕੱਟ ਦਿਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਸਾਰੇ 4130 ਸਰਕਾਰੀ ਸਕੂਲਾਂ ਦਾ ਸਾਲਾਨਾ 1684.87 ਲੱਖ ਰੁਪਏ ਬਣਦਾ ਹੈ। ਜ਼ਿਮਨੀ ਸਵਾਲ ਕਰਦਿਆਂ ਅਮਨ ਅਰੋੜਾ ਨੇ ਪਿਛਲੇ ਸੈਸ਼ਨ ਦੌਰਾਨ ਇਸ ਤਰ੍ਹਾਂ ਦੇ ਸਵਾਲ ਦੇ ਜਵਾਬ 'ਚ ਸਿੱਖਿਆ ਮੰਤਰੀ ਨੇ ਦੱਸਿਆ ਸੀ ਕਿ ਕੁੱਲ 19289 ਸਕੂਲ ਹਨ ਪਰੰਤੂ ਬਿਜਲੀ ਮੰਤਰੀ ਕਾਂਗੜ ਦੇ ਜਵਾਬ ਮੁਤਾਬਿਕ ਪੰਜਾਬ ਦੇ ਕਰੀਬ 15000 ਸਕੂਲਾਂ 'ਚ ਜਾਂ ਤਾਂ ਕੁਨੈਕਸ਼ਨ ਨਹੀਂ ਹਨ ਜਾਂ ਫਿਰ ਕੁੰਡੀ ਕੁਨੈਕਸ਼ਨ 'ਤੇ ਚੱਲਦੇ ਹਨ।
ਇਸ 'ਤੇ ਘਿਰੇ ਕਾਂਗੜ ਨੇ ਕਿਹਾ ਕਿ ਇਹ ਸਿੱਖਿਆ ਮੰਤਰੀ ਦੱਸ ਸਕਦੇ ਹਨ। ਮਾਮਲਾ ਭਖਦਾ ਵੇਖ ਸਪੀਕਰ ਰਾਣਾ ਕੇਪੀ ਸਿੰਘ ਨੂੰ ਦਖ਼ਲਅੰਦਾਜ਼ੀ ਕਰਦਿਆਂ ਕਿਹਾ ਕਿ ਕਾਂਗੜ ਜੀ ਤੁਸੀਂ ਦੱਸੋ ਕਿ ਜੇ 15000 ਸਕੂਲਾਂ 'ਚ ਬਿਜਲੀ ਕੁਨੈਕਸ਼ਨ ਨਹੀਂ ਹਨ ਤਾਂ ਕੀ ਉਹ ਕੁੰਡੀ 'ਤੇ ਚੱਲਦੇ ਹਨ ਜਾਂ ਨਹੀਂ। ਅਮਨ ਅਰੋੜਾ ਨੇ ਸਪੀਕਰ ਰਾਹੀਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਰੱਬ ਰੂਪੀ ਬੱਚਿਆਂ ਦਾ ਧਿਆਨ ਰੱਖਦੇ ਹੋਏ ਸਾਰੇ ਸਕੂਲਾਂ ਦੀ ਬਿਜਲੀ ਦੇ ਬਿੱਲ ਮਾਫ਼ ਕਰਨ ਜੋ ਲਗਭਗ 70 ਕਰੋੜ ਰੁਪਏ ਦੇ ਬਣਦੇ ਹਨ।
ਜਿਸ 'ਤੇ ਕਾਂਗੜ ਨੇ ਭਰੋਸਾ ਦਿਤਾ ਕਿ ਬੇਸ਼ੱਕ ਸਕੂਲਾਂ ਦੇ ਬਿਜਲੀ ਬਿੱਲਾਂ ਮੁਆਫ਼ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਫਿਰ ਵੀ ਉਹ ਇਹ ਮਾਮਲਾ ਮੁੱਖ ਮੰਤਰੀ ਨਾਲ ਵਿਚਾਰਨਗੇ।