
ਪ੍ਰਸ਼ਾਸਨ ਵਲੋਂ ਬਚਾਅ ਕਾਰਜਾਂ ਦੇ ਨਾਲ-ਨਾਲ ਲੋਕਾਂ ਦੇ ਮੁੜ ਵਸੇਬੇ ਲਈ ਕੋਸ਼ਿਸ਼ਾਂ ਜਾਰੀ
ਚਮੋਲੀ : ਉਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਕਾਰਨ ਵਾਪਰੇ ਹਾਦਸੇ ਵਿਚ ਬਚਾਅ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਇਸੇ ਦੌਰਾਨ ਲਗਾਤਾਰ ਲਾਸ਼ਾਂ ਮਿਲਣ ਕਾਰਨ ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ 12 ਹੋਰ ਲਾਸ਼ਾਂ ਮਿਲਣ ਬਾਅਦ ਮ੍ਰਿਤਕਾਂ ਦੀ ਗਿਣਤੀ 50 ਤਕ ਪਹੁੰਚ ਗਈ ਹੈ। ਸੂਬੇ ਦੇ ਚਮੋਲੀ ਜ਼ਿਲ੍ਹੇ ਵਿਚ 7 ਫਰਵਰੀ ਨੂੰ ਵਾਪਰੀ ਇਸ ਕੁਦਰਤੀ ਕਰੋਪੀ ਕਾਰਨ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਲਗਾਤਾਰ ਜਾਰੀ ਹਨ।
Uttarakhand tragedy
ਤਪੋਵਨ ਸੁਰੰਗ ’ਚ ਫਸੇ ਲੋਕਾਂ ਨੂੰ ਕੱਢਣ ਲਈ ਫ਼ੌਜ, ਰਾਸ਼ਟਰੀ ਆਫ਼ਤ ਮੋਚਨ ਬਲ ਅਤੇ ਭਾਰਤ-ਤਿੱਬਤ ਸਰਹੱਦ ਪੁਲਿਸ ਦੇ ਜਵਾਨ ਪਿਛਲੇ 7 ਦਿਨਾਂ ਤੋਂ ਸਿਰਤੋੜ ਕੋਸ਼ਿਸ਼ਾਂ ਕਰ ਰਹੇ ਹਨ। ਚਮੋਲੀ ਦੀ ਜ਼ਿਲ੍ਹਾ ਅਧਿਕਾਰੀ ਸਵਾਤੀ ਐੱਸ. ਭਦੌਰੀਆ ਮੁਤਾਬਕ ਐੱਨ. ਟੀ. ਪੀ. ਸੀ. ਸੁਰੰਗ ’ਚ ਖੋਦਾਈ ਦਾ ਕੰਮ 136 ਮੀਟਰ ਤਕ ਹੋ ਗਿਆ ਹੈ। ਲਾਪਤਾ 204 ਲੋਕਾਂ ’ਚੋਂ 38 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦਕਿ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਰਾਹਤ ਕੰਮ ਜਾਰੀ ਹੈ।
Uttarakhand tragedy
ਸੁਰੰਗ ਵਿਚ ਮਲਬਾ ਅਤੇ ਚਿੱਕੜ ਸਾਫ ਕਰਨ ਦਾ ਕੰਮ ਅਜੇ ਵੀ ਜਾਰੀ ਹੈ। ਕੁਝ ਲੋਕਾਂ ਦੇ ਸੁਰੰਗ ਵਿਚ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਕਈ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਆਈ. ਟੀ. ਬੀ. ਪੀ. ਵਲੋਂ ਰਾਹਤ ਕੈਂਪ ਲਾ ਕੇ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
Uttarakhand tragedy
ਧੌਲੀਗੰਗਾ ਅਤੇ ਰਿਸ਼ੀਗੰਗਾ ਨਦੀਆਂ ਦੇ ਸੰਗਮ ’ਤੇ ਵਸਿਆ ਰੈਣੀ ਪਿੰਡ ਨਵੇਂ ਸਿਰਿਓਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਜੱਦੋ-ਜਹਿਦ ਕਰ ਰਿਹਾ ਹੈ। ਰੈਣੀ ਪਿੰਡ ’ਚ ਰਿਸ਼ੀਗੰਗਾ ਨਦੀ ਤੋਂ ਨਿਕਲੀ ਨਵੀਂ ਝੀਲ ਫਿਰ ਤੋਂ ਆਫ਼ਤ ਦਾ ਖ਼ਦਸ਼ਾ ਖੜ੍ਹੀ ਕਰ ਰਹੀ ਹੈ। 14 ਹਜ਼ਾਰ ਫੁੱਟ ’ਤੇ ਇਹ ਝੀਲ 400 ਮੀਟਰ ਲੰਬੀ ਹੈ। ਰੈਣੀ ਪਿੰਡ ’ਚ ਜ਼ਿੰਦਗੀ ਨੂੰ ਪਟੜੀ ’ਤੇ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਬੀ. ਆਰ. ਓ. ਵਲੋਂ ਇਕ ਨਵੇਂ ਪੁੱਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ।