
ਸਿਕਲੀਗਰ ਸਿੱਖਾਂ ਅਤੇ ਹੋਰ ਪਿਛੜੇ ਸਮੂਹਾਂ ਦੇ ਬੱਚਿਆਂ ਨੂੰ ਮਿਲੇਗਾ ਫਾਇਦਾ
Centre's program for Sikhs: ਸਿੱਖ ਨਵੇਂ ਵਰ੍ਹੇ ਮੌਕੇ ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਵੱਡਾ ਤੋਹਫ਼ਾ ਦਿਤਾ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਮ੍ਰਿਤੀ ਇਰਾਨੀ ਨੇ ਅੱਜ ਸਿੱਖ ਭਾਈਚਾਰੇ ਲਈ ਇਕ ਵਿਆਪਕ ਹੁਨਰ ਵਿਕਾਸ, ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਅਤੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਨੂੰ ਮੰਤਰਾਲੇ ਦੀ ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐਮ ਵਿਕਾਸ) ਯੋਜਨਾ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚਲਾਇਆ ਜਾਵੇਗਾ। ਇਸ ਪਹਿਲਕਦਮੀ ਲਈ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਸ ਪ੍ਰੋਗਰਾਮ ਤਹਿਤ 10,000 ਨੌਜਵਾਨਾਂ ਅਤੇ ਔਰਤਾਂ ਨੂੰ ਕਿੱਤਾ-ਮੁਖੀ ਹੁਨਰ ਸਿਖਲਾਈ ਪ੍ਰਦਾਨ ਕਰਨਾ, ਸਿਕਲੀਗਰਾਂ ਅਤੇ ਹੋਰ ਸਮੂਹਾਂ ਵਰਗੇ ਸਿੱਖ ਕਾਰੀਗਰਾਂ ਨੂੰ ਉਤਸ਼ਾਹਤ ਕਰਨਾ, ਜੋ ਰਵਾਇਤੀ ਕਲਾਵਾਂ ਅਤੇ ਸ਼ਿਲਪਕਾਰੀ ਰੂਪਾਂ ਦਾ ਅਭਿਆਸ ਕਰ ਰਹੇ ਹਨ, ਮਹਿਲਾ ਲੀਡਰਸ਼ਿਪ ਅਤੇ ਉੱਦਮਤਾ ਨੂੰ ਉਤਸ਼ਾਹਤ ਕਰਨਾ ਅਤੇ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ ਹੈ। ਪ੍ਰੋਗਰਾਮ 'ਤੇ ਕੁੱਲ ਖਰਚ ਲਗਭਗ 100 ਕਰੋੜ ਰੁਪਏ ਹੋਵੇਗਾ।
ਮੰਤਰਾਲੇ ਦੀ ਇਹ ਪਹਿਲਕਦਮੀ ਸਮਾਜ ਦੇ ਅੰਦਰ ਸਮਾਜਿਕ-ਆਰਥਿਕ ਤੌਰ 'ਤੇ ਪਛੜੇ ਸਮੂਹਾਂ ਨੂੰ ਰਾਸ਼ਟਰੀ ਵਿਕਾਸ ਕਹਾਣੀ ਵਿਚ ਅਪਣੇ ਲਈ ਜਗ੍ਹਾ ਬਣਾਉਣ ਵਿਚ ਸਹਾਇਤਾ ਕਰੇਗੀ ਅਤੇ ਸਮਾਜਿਕ ਤੌਰ 'ਤੇ ਵਾਂਝੇ ਭਾਈਚਾਰਿਆਂ ਦੇ ਲਾਭਪਾਤਰੀਆਂ ਨੂੰ ਵੀ ਫਾਇਦਾ ਪਹੁੰਚਾਏਗੀ, ਜਿਸ ਨਾਲ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਨੂੰ ਰਸਮੀ ਰੂਪ ਦੇਣ ਲਈ ਘੱਟ ਗਿਣਤੀ ਮੰਤਰਾਲਾ ਡੀਐਸਜੀਐਮਸੀ ਅਧੀਨ ਨਾਮਜ਼ਦ/ਰਜਿਸਟਰਡ ਸੁਸਾਇਟੀਆਂ/ਵਿਦਿਅਕ ਸੰਸਥਾਵਾਂ ਨਾਲ ਸਹਿਮਤੀ ਪੱਤਰ (ਐਮਓਯੂ) ਰਾਹੀਂ ਪ੍ਰੋਗਰਾਮ ਨੂੰ ਲਾਗੂ ਕਰੇਗਾ, ਜੋ ਪਹਿਲਾਂ ਹੀ ਦਿੱਲੀ ਯੂਨੀਵਰਸਿਟੀ ਵਿਚ 4 ਕਾਲਜਾਂ ਜਿਵੇਂ ਕਿ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜ, ਮਾਤਾ ਸੁੰਦਰੀ ਕਾਲਜ ਆਫ ਵੂਮੈਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਗੁਰੂ ਹਰਕਿਸ਼ਨ ਪਬਲਿਕ ਸਕੂਲ ਦੀਆਂ 12 ਸ਼ਾਖਾਵਾਂ ਅਤੇ 1 ਆਈਟੀਆਈ ਦਾ ਸੰਚਾਲਨ ਕਰ ਰਿਹਾ ਹੈ।
ਇਸ ਦੇ ਨਾਲ ਹੀ ਸਰਕਾਰ ਗੁਰਮੁਖੀ ਲਿਪੀ ਸਮੇਤ ਸਿੱਖ ਭਾਈਚਾਰੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਉਤਸ਼ਾਹਤ ਕਰਨ ਦੀ ਲੋੜ ਨੂੰ ਵੀ ਮਾਨਤਾ ਦਿੰਦੀ ਹੈ। ਵਿਦਿਆਰਥੀਆਂ ਵਿਚ ਸਿੱਖ ਸਿੱਖਿਆ ਅਤੇ ਵਿਰਾਸਤ ਦੇ ਪ੍ਰਸਾਰ ਲਈ ਆਈਟੀ ਪਲੇਟਫਾਰਮ ਵਿਕਸਤ ਕਰਨ ਦੇ ਨਾਲ-ਨਾਲ ਭਾਸ਼ਾ ਦਾ ਮੁੱਢਲਾ ਗਿਆਨ ਪ੍ਰਦਾਨ ਕਰਨ ਲਈ ਦਿੱਲੀ ਯੂਨੀਵਰਸਿਟੀ ਅਧੀਨ ਖਾਲਸਾ ਕਾਲਜਾਂ ਵਿਚ ਅਤਿ-ਆਧੁਨਿਕ ਗੁਰਮੁਖੀ ਲਿਪੀ ਲਰਨਿੰਗ ਸੈਂਟਰ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਕੇਂਦਰ ਗੁਰਮੁਖੀ ਲਿਪੀ ਦੀ ਸੰਭਾਲ ਅਤੇ ਪ੍ਰਸਾਰ ਲਈ ਵੀ ਕੰਮ ਕਰਨਗੇ। ਮੰਤਰਾਲੇ ਵਲੋਂ ਪ੍ਰਧਾਨ ਮੰਤਰੀ ਜਨ ਵਿਕਾਸ ਪ੍ਰੋਗਰਾਮ ਤਹਿਤ ਸਟੂਡੀਓ/ਸਮਾਰਟ ਕਲਾਸਰੂਮਾਂ ਦੇ ਵਿਕਾਸ ਸਮੇਤ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹਾਇਕ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਸਿੱਖ ਭਾਈਚਾਰੇ ਲਈ ਇਨ੍ਹਾਂ ਪਹਿਲਕਦਮੀਆਂ ਦੀ ਮਨਜ਼ੂਰੀ ਦੇਸ਼ ਭਰ ਦੇ ਸਿੱਖ ਭਾਈਚਾਰੇ ਦੇ ਹਾਸ਼ੀਏ 'ਤੇ ਪਏ ਵਰਗਾਂ ਨੂੰ ਸ਼ਕਤੀਕਰਨ ਅਤੇ ਉੱਚਾ ਚੁੱਕਣ ਲਈ ਸਰਕਾਰ ਦੀ ਵਚਨਬੱਧਤਾ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਇਕ ਠੋਸ ਸਮਾਜਿਕ-ਆਰਥਿਕ ਤਬਦੀਲੀ ਦੀ ਕਲਪਨਾ ਕਰਦੀ ਹੈ।
(For more Punjabi news apart from Centre Govt launches skill development and education program for Sikh community, stay tuned to Rozana Spokesman)