
ਸਿੱਖ ਕੌਮ ਦੀ ਵਖਰੀ ਨਿਆਰੀ ਹੋਂਦ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜੋ ਕਿ ਸ. ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ
Panthak News: ਜਰਮਨੀ (ਸੰਦੀਪ ਸਿੰਘ ਖਾਲੜਾ): ਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਸਾਹਿਬ ਦੇ ਚਲਾਏ, ਸਿੱਖ ਪੰਥ ਦੇ 14 ਮਾਰਚ 1 ਚੇਤ ਨੂੰ ਨਵੇਂ ਸਾਲ ਨਾਨਕਸ਼ਾਹੀ ਸੰਮਤ 556 ਦੀ ਅਰੰਭਤਾ ਦੀਆਂ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵਾਂ ਸਾਲ ਸੱਭ ਲਈ ਖ਼ੁਸ਼ੀਆਂ ਖੇੜੇ ਲੈ ਕੇ ਆਵੇ । ਉਥੇ ਬਿਖੜੇ ਪੈਂਡਿਆਂ ਤੇ ਪਰਾਇਆਂ ਦੀ ਗੁਲਾਮੀ ਵਿਚੋਂ ਗੁਜ਼ਰ ਰਹੀ ਸਿੱਖ ਕੌਮ ਨੂੰ ਅਕਾਲ ਪੁਰਖ ਅਪਣਾ ਮੇਹਰ ਭਰਿਆ ਹੱਥ ਰੱਖ ਕੇ ਬਾਹਰੀ ਤੇ ਅੰਦਰੂਨੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਬਲ ਬਖ਼ਸ਼ੇ ।
ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,‘‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ’’ ਅਨੁਸਾਰ ਗੁਰੂ ਗ੍ਰੰਥ ਸਾਹਿਬ ’ਤੇ ਹੀ ਅਪਣਾ ਨਿਸਚਾ ਰੱਖ ਕੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮਸਲਿਆਂ ਤੇ ਸਿੱਖ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਕੀਤਾ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਵਖਰੀ ਨਿਆਰੀ ਹੋਂਦ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜੋ ਕਿ ਸ. ਪਾਲ ਸਿੰਘ ਪੁਰੇਵਾਲ ਨੇ ਤਿਆਰ ਕੀਤਾ ਸੀ ਤੇ 2003 ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤਾ ਸੀ। ਉਹ ਵਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਂਦਾ ਨਹੀ ਸੀ ਤੇ ਉਨ੍ਹਾਂ ਨੇ ਅਪਣੇ ਹੱਥ ਠੋਕੇ ਜਥੇਦਾਰਾਂ ਤੇ ਸਿੱਖੀ ਭੇਸ ਵਿਚ ਸਿੱਖੀ ਸਿਧਾਂਤਾਂ ਦੇ ਦੁਸ਼ਮਣ ਸਾਧਾਂ ਦੁਆਰਾ, ਸੋਧਾਂ ਦੇ ਨਾਮ ਤੇ ਇਸ ਦਾ ਬਿਕਰਮੀਕਰਣ ਕਰ ਕੇ ਇਸ ’ਤੇ ਵੀ ਭਗਵਾਂ ਰੰਗ ਚਾੜ੍ਹ ਦਿਤਾ, ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਕਾਰ ਦਿਤਾ ਹੈ।
ਨਾਨਕਸ਼ਾਹੀ ਨਵੇਂ ਵਰ੍ਹੇ ਦੀ ਆਮਦ ਤੇ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰੀਏ ਕਿ ਕੁਰਸੀ ਦੀ ਲਾਲਸਾਂ, ਨਿਜੀ ਸਵਾਰਥਾਂ ਤੇ ਪ੍ਰਵਾਰਵਾਦ ਵਿਚ ਧੱਸੇ ਜ਼ਮੀਰ ਵੇਚੂ ਲੀਡਰਾਂ ਨੂੰ ਸੁਮੱਤ ਬਖ਼ਸ਼ੇ ਤੇ ਇਹ ਅਪਣੇ ਨਿਜੀ ਹਿਤਾਂ ਤੋਂ ਉਪਰ ਉਠ ਕੇ ਕੌਮ ਦੇ ਭਲੇ ਬਾਰੇ ਸੋਚਣ। ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖ਼ੁਸ਼ੀਆਂ ਭਰਿਆ ਆਵੇ ਤੇ ਉਨ੍ਹਾਂ ਹਕੂਮਤਾਂ ਨੂੰ ਸੋਝੀ ਆਵੇ ਜੋ ਅਪਣੇ ਰਾਜ ਸ਼ਕਤੀ ਦੇ ਨਸ਼ੇ ਵਿਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ ਤੇ ਉਨ੍ਹਾਂ ਦੇ ਹੱਕ ਹਕੂਕਾਂ ਤੋਂ ਵਾਂਝਾ ਰਖਦੀਆਂ ਹਨ। ਦੁਨੀਆਂ ਅੰਦਰ ਅਪਣੀਆਂ ਕੌਮਾਂ ਦੇ ਹੱਕਾਂ ਹਿਤਾਂ ਦੀ ਖ਼ਾਤਰ ਸੰਘਰਸ਼ ਕਰ ਰਹੇ ਸਮੂਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫ਼ਲਤਾ ਮਿਲੇ।