
ਦਿੱਲੀ ਵਿਚ ਕੋਰੋਨਾ ਬੀਮਾਰੀ ਨਾਲ ਪੀੜਤ ਰੋਗੀਆਂ ਦੀ ਗਿਣਤੀ ਵੱਧ ਕੇ, 1154 ਹੋ ਗਈ ਹੈ। ਹੁਣ ਤਕ ਰਾਜਧਾਨੀ ਵਿਚ ਕੁਲ 47 ਥਾਵਾਂ ਦੀ ਕੋਰੋਨਾ ਪ੍ਰਭਾਵਤ
ਨਵੀਂ ਦਿੱਲੀ, 13 ਅਪ੍ਰੈਲ (ਅਮਨਦੀਪ ਸਿੰਘ) : ਦਿੱਲੀ ਵਿਚ ਕੋਰੋਨਾ ਬੀਮਾਰੀ ਨਾਲ ਪੀੜਤ ਰੋਗੀਆਂ ਦੀ ਗਿਣਤੀ ਵੱਧ ਕੇ, 1154 ਹੋ ਗਈ ਹੈ। ਹੁਣ ਤਕ ਰਾਜਧਾਨੀ ਵਿਚ ਕੁਲ 47 ਥਾਵਾਂ ਦੀ ਕੋਰੋਨਾ ਪ੍ਰਭਾਵਤ ਇਲਾਕਿਆਂ ਵਜੋਂ ਪਛਾਣ ਕਰ ਕੇ ਸੀਲ ਕੀਤੀ ਜਾ ਚੁਕੀ ਹੈ ਅਤੇ ਕੋਰੋਨਾ ਤੋਂ ਬਚਾਅ ਲਈ ਅੱਜ ਤੋਂ ਜਾਪਾਨੀ ਮਸ਼ੀਨਾਂ ਰਾਹੀਂ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਤੋਂ ਕੈਮੀਕਲ ਦੇ ਛਿੜਕਾਅ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁਕੀ ਹੈ।
ਕੋਰੋਨਾ ਪ੍ਰਭਾਵਤ ਇਲਾਕਿਆਂ ਵਿਚ 'ਸ਼ੀਲਡ ਮੁਹਿੰਮ' ਚਲਾਉਣ ਦਾ ਮੁਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਹੈ ਜਿਸ ਅਧੀਨ ਪ੍ਰਭਾਵਤ ਇਲਾਕਿਆਂ ਨੂੰ ਸੀਲ ਕੀਤਾ ਜਾਵੇਗਾ ਤਾਕਿ ਹੋਰਨਾਂ ਇਲਾਕਿਆਂ ਨੂੰ ਕਰੋਨਾ ਦੀ ਮਾਰ ਤੋਂ ਬਚਾਇਆ ਜਾ ਸਕੇ। ਅਤਿ ਨਾਜ਼ੁਕ ਇਲਾਕਿਆਂ ਵਿਚ ਪਹਿਲ ਦੇ ਆਧਾਰ 'ਤੇ ਸਰਕਾਰ ਛਿੜਕਾਅ ਕਰੇਗੀ। ਅੱਜ ਇਹ ਵੇਖਿਆ ਗਿਆ ਕਿ ਕੈਮੀਕਲ ਦੇ ਛਿੜਕਾਅ ਵਿਚ ਮਸ਼ੀਨਾਂ ਕਾਮਯਾਬ ਹਨ ਕਿ ਨਹੀਂ ਤੇ ਇਸਦੇ ਮਾੜੇ ਸਿੱਟੇ ਤਾਂ ਨਹੀਂ ਨਿਕਲ ਰਹੇ। ਮਸ਼ੀਨਾਂ ਨੂੰ ਛਿੜਕਾਅ ਲਈ ਕਾਮਯਾਬ ਮੰਨਿਆ ਗਿਆ।
File photo
ਛਿੜਕਾਅ ਲਈ ਖੇਤੀਬਾੜੀ ਵਿਗਿਆਨ ਦੀ ਕੰਪਨੀ ਪੀਆਈ ਇੰਡਸਟ੍ਰੀਜ਼ ਵਲੋਂ 10 ਜਾਪਾਨੀ ਮਸ਼ੀਨਾਂ ਦਿੱਲੀ ਸਰਕਾਰ ਨੂੰ ਭੇਟ ਕੀਤੀਆਂ ਗਈਆਂ ਹਨ। ਮਸ਼ੀਨਾਂ ਵਿਚ ਅਜਿਹੇ ਪੰਖ ਲੱਗੇ ਹੋਏ ਹਨ ਜੋ ਚੌੜੀਆਂ ਸੜ੍ਹਕਾਂ ਤੇ ਗਲੀਆਂ ਵਿਚ ਖੁੱਲ੍ਹ ਕੇ ਫੈਲ ਜਾਂਦੇ ਹਨ ਤੇ ਸੌੜੀਆਂ ਥਾਂਵਾਂ ਵਿਚ ਆਪੋ ਵਿਚ ਸਿਮਟ ਜਾਂਦੇ ਹਨ ਤੇ ਕੈਮੀਕਲ ਛਿੜਕਾਅ ਕਰਦੇ ਹਨ। ਅੱਜ ਮੁਹਿੰਮ ਦੀ ਸ਼ੁਰੂਆਤ ਮੌਕੇ ਰਾਜਿੰਦਰ ਨਗਰ ਤੋਂ ਵਿਧਾਇਕ ਤੇ ਦਿੱਲੀ ਜਲ ਬੋਰਡ ਦੇ ਮੀਤ ਪ੍ਰਧਾਨ ਰਾਘਵ ਚੱਢਾ ਨੇ ਦਸਿਆ ਕਿ ਹਾਲ ਦੀ ਘੜੀ ਜਾਪਾਨੀ ਮਸ਼ੀਨਾਂ ਨਾਲ ਕੈਮੀਕਲ ਦੇ ਛਿੜਕਾਅ ਦੀ ਸ਼ੁਰੂਆਤ ਕੀਤੀ ਗਈ ਹੈ
ਤੇ ਦਿੱਲੀ ਜਲ ਬੋਰਡ ਦੀਆਂ 50 ਮਸ਼ੀਨਾਂ ਵੀ ਇਸ ਮੁਹਿੰਮ ਵਿਚ ਲੱਗਣਗੀਆਂ। ਜਾਪਾਨੀ ਮਸ਼ੀਨਾਂ ਰਾਹੀਂ ਇਕ ਘੰਟੇ ਵਿਚ 20 ਹਜ਼ਾਰ ਵਰਗ ਮੀਟਰ ਇਲਾਕੇ ਵਿਚ ਕੈਮੀਕਲ ਦਾ ਛਿੜਕਾਅ ਕਰਨ ਦੀ ਸਮਰੱਥਾ ਹੈ । ਇਹ ਮਸ਼ੀਨਾਂ ਸੰਸਾਰ ਸਿਹਤ ਸੰਗਠਨ ਦੇ ਮਿਆਰਾਂ ਮੁਤਾਬਕ ਹੀ ਕੈਮੀਕਲ ਦੇ ਘੋਲ ਦਾ ਛਿੜਕਾਅ ਕਰਦੀ ਹੈ ਤੇ ਮਾਹਰਾਂ ਦੀ ਪੜਚੋਲ ਪਿਛੋਂ ਤਿੰਨ ਮਸ਼ੀਨਾਂ ਨੂੰ ਤਜ਼ਰਬੇ ਵਜੋਂ ਉਤਾਰਿਆ ਗਿਆ ਹੈ। ਇਸ ਨਾਲ ਕੀਟਾਣੂ ਆਦਿ ਛੇਤੀ ਖ਼ਤਮ ਹੋ ਜਾਂਦੇ ਹਨ।
ਐਤਵਾਰ ਨੂੰ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਕਰੋਨਾ ਪ੍ਰਭਾਵਤ ਇਲਾਕਿਆਂ ਨੂੰ ਲਾਲ ਤੇ ਸੰਤਰੀ ਜ਼ੋਨਾਂ ਵਿਚ ਵੰਡਣ ਤੇ ਵੱਡੇ ਪੱਧਰ 'ਤੇ ਕਰੋਨਾ ਦੇ ਟਾਕਰੇ ਲਈ ਕੈਮੀਕਲ ਛਿੜਕਾਅ ਮੁਹਿੰਮ ਸੁਰੂ ਕਰਨ ਦਾ ਐਲਾਨ ਕੀਤਾ ਸੀ।
ਅਤਿ ਨਾਜ਼ੁਕ ਨੂੰ ਸੰਤਰੀ ਤੇ ਨਾਜ਼ੁਕ ਨੂੰ ਲਾਲ ਜ਼ਿਲ੍ਹਿਆਂ ਵਿਚ ਵੰਡਿਆ ਗਿਆ ਹੈ।